Mar 5, 2024 1:30 PM - The Canadian Press

ਕੈਨੇਡਾ ਵਿਚ ਖ਼ਸਰੇ ਦੇ 17 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਮਾਮਲੇ ਕਿਊਬਕ, ਓਨਟਾਰੀਓ, ਸਸਕੈਚਵਾਨ ਅਤੇ ਬਿ੍ਰਟਿਸ਼ ਕੋਲੰਬੀਆ ਵਿਚ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਅੱਧੇ ਤੋਂ ਵੱਧ ਕੇਸ ਮਾਂਟਰੀਆਲ ਏਰੀਏ ਵਿਚ ਹਨ, ਜੋ ਕਿ ਮੌਜੂਦਾ ਸਮੇਂ ਇਸ ਦਾ ਕੇਂਦਰ ਹੈ।
ਕਿਊਬੈਕ ਦੇ ਪਬਲਿਕ ਹੈਲਥ ਡਾਇਰੈਕਟਰ ਨੇ ਸੋਮਵਾਰ ਤੱਕ ਇੱਥੇ 10 ਮਾਮਲਿਆਂ ਦੀ ਪੁਸ਼ਟੀ ਕੀਤੀ, ਇਨ੍ਹਾਂ ਵਿਚ ਲਗਭਗ ਸਾਰੇ ਹੀ ਬੱਚੇ ਸਨ ਅਤੇ ਤਿੰਨ ਕੇਸ ਹੀ ਕੈਨੇਡਾ ਤੋਂ ਬਾਹਰ ਦੀ ਯਾਤਰਾ ਨਾਲ ਸਬੰਧਤ ਸਨ, ਜਿਸ ਦਾ ਮਤਲਬ ਹੈ ਕਿ ਕਮਿਊਨਿਟੀ ਵਿਚ ਵਾਇਰਸ ਫੈਲ ਰਿਹਾ ਹੋ ਸਕਦਾ ਹੈ। ਉੱਥੇ ਹੀ, ਓਨਟਾਰੀਓ ਨੇ ਇਸ ਦੇ ਪੰਜ ਮਾਮਲਿਆਂ ਦੀ ਪੁਸ਼ਟੀ ਕੀਤੀ, ਜਿਨ੍ਹਾਂ ਵਿਚੋਂ ਇੱਕ ਕੇਸ ਨੂੰ ਛੱਡ ਕੇ ਬਾਕੀ ਸਾਰੇ ਕੇਸ ਬਾਹਰਲੀ ਯਾਤਰਾ ਨਾਲ ਸਬੰਧਤ ਹਨ।
ਟੋਰਾਂਟੋ ਦੇ ਉੱਤਰੀ ਯੌਰਕ ਖੇਤਰ ਵਿਚ ਇੱਕ 30 ਸਾਲਾ ਨੌਜਵਾਨ ਵਿਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨਾਲ ਜੁੜੇ ਹਾਈ ਸਕੂਲ ਦੇ ਉਨ੍ਹਾਂ ਸਟੂਡੈਂਟਸ ਨੂੰ 15 ਮਾਰਚ ਤੱਕ ਸਕੂਲ ਵਾਪਸ ਆਉਣ ਦੀ ਮਨਾਹੀ ਕੀਤੀ ਗਈ ਹੈ, ਜਿਨ੍ਹਾਂ ਦੇ ਬਚਪਨ ਵਿਚ ਖਸਰੇ, ਕੰਨ ਪੇੜੇ, ਰੁਬੇਲਾ ਵੈਕਸੀਨ ਦੀਆਂ ਦੋ ਪੂਰੀਆਂ ਡੋਜ਼ ਨਹੀਂ ਲੱਗੀਆਂ ਹਨ।
ਓਧਰ, ਬੀ. ਸੀ. ਦੇ ਵੈਨਕੂਵਰ ਤੱਟੀ ਸਿਹਤ ਖ਼ੇਤਰ ਅਤੇ ਸਸਕੈਚਵਨ ਦੇ ਸਸਕੈਟੂਨ ਨੇ ਇੱਕ-ਇੱਕ ਕੇਸ ਦਰਜ ਕੀਤਾ ਹੈ, ਇਹ ਦੋਵੇਂ ਵੀ ਇੰਟਰਨੈਸ਼ਨਲ ਯਾਤਰਾ ਨਾਲ ਸਬੰਧਤ ਸਨ।




