Sep 9, 2026 6:14 PM - Connect Newsroom - Ramandeep Kaur with files from The Canadian Press

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
ਗਰੁੱਪਸ ਮੁਤਾਬਕ, ਬੀ.ਸੀ. ਦਾ ਫੋਰੈਸਟਰੀ ਸੈਕਟਰ ਇਸ ਵੇਲੇ ਨਾਜ਼ੁਕ ਮੋੜ 'ਤੇ ਹੈ। ਸੈਕਟਰ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਭਾਵੇਂ ਕੌਮਾਂਤਰੀ ਵਪਾਰਕ ਦਬਾਅ ਸੂਬਾ ਸਰਕਾਰ ਦੇ ਸਿੱਧੇ ਕੰਟਰੋਲ ਤੋਂ ਬਾਹਰ ਹਨ ਪਰ ਲਕੋਲ ਉਦਯੋਗਾਂ ਨੂੰ ਚੱਲਦੇ ਰੱਖਣ ਲਈ ਸਥਾਨਕ ਨੀਤੀਆਂ ਵਿਚ ਬਦਲਾਅ ਕਰਨ ਦਾ ਅਧਿਕਾਰ ਅਤੇ ਜ਼ਿੰਮੇਵਾਰੀ ਪੂਰੀ ਤਰ੍ਹਾਂ ਬੀ.ਸੀ. ਸਰਕਾਰ ਦੇ ਹੱਥਾਂ ਵਿਚ ਹੈ।
ਚਿੱਠੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ Forestry Crisis Action Group ਜਾਂ ਕਮੇਟੀ ਨੂੰ ਵਪਾਰਕ ਕੋਸਟ ਘਟਾਉਣ, ਰੈਗੂਲੇਟਰੀ ਰੁਕਾਵਟਾਂ ਨੂੰ ਖ਼ਤਮ ਕਰਨ ਅਤੇ ਫਾਈਬਰ ਸਪਲਾਈ ਨੂੰ ਸਥਿਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਨੂੰ ਬੀ. ਸੀ. ਦੇ ਹੁਨਰਮੰਦ ਜੰਗਲਾਤ ਕਾਮਿਆਂ ਨੂੰ ਨੌਕਰੀਆਂ 'ਤੇ ਬਣਾਈ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਨੂੰ ਕਿਸੇ ਦੂਜੇ ਕੰਮ ਲਈ ਰੀ-ਟ੍ਰੇਨ ਕਰਨ 'ਤੇ ਜ਼ੋਰ ਦੇਣਾ ਚਾਹੀਦਾ ਹੈ।




