Feb 2, 2024 6:21 PM - The Connect News

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਵੈਸਟ ਬੈਂਕ ਵਿਚ ਹਿੰਸਾ ਕਰਨ ਵਾਲੇ ਇਜ਼ਰਾਈਲੀ ਨਾਗਰਿਕਾਂ ’ਤੇ ਪਾਬੰਦੀਆਂ ਲਗਾਉਣ ’ਤੇ ਵਿਚਾਰ ਕਰ ਰਹੀ ਹੈ।
ਸ਼ੁੱਕਰਵਾਰ ਨੂੰ ਓਨਟਾਰੀਓ ਦੇ ਵਾਟਰਲੂ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਵੈਸਟ ਬੈਂਕ ਵਿਚ ਹਿੰਸਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਇਹ ਦੇਖ ਰਿਹਾ ਹੈ ਕਿ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਨਾਲ ਕਿਵੇਂ ਨਜਿੱਠਣਾ ਹੈ ਅਤੇ ਸੰਭਾਵਤ ਤੌਰ ’ਤੇ ਪਾਬੰਦੀਆਂ ਲਗਾਉਣ ਦਾ ਵਿਚਾਰ ਹੈ।
ਗੌਰਤਲਬ ਹੈ ਕਿ ਟਰੂਡੋ ਦੀ ਇਹ ਸਖ਼ਤ ਟਿੱਪਣੀ ਉਦੋਂ ਆਈ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੈਸਟ ਬੈਂਖ ਵਿਚ ਫਲਸਤੀਨੀਆਂ ’ਤੇ ਹਮਲਾ ਕਰਨ ਵਾਲੇ ਇਜ਼ਰਾਇਲੀ ਨਾਗਰਿਕਾਂ ’ਤੇ ਵਿੱਤੀ ਤੇ ਯਾਤਰਾ ਪਾਬੰਦੀਆਂ ਲਗਾਉਣ ਦੀ ਘੋਸ਼ਣਾ ਕੀਤੀ ਹੈ।
ਅਮਰੀਕਾ ਵਲੋਂ ਇਸ ਸਬੰਧ ਵਿਚ 4 ਇਜ਼ਰਾਇਲ਼ੀ ਨਾਗਰਿਕ ਪਾਬੰਦੀ ਲਿਸਟ ਵਿਚ ਪਾਏ ਗਏ ਹਨ। ਇਹ ਹੁਕਮ ਉਸ ਵੇਲੇ ਜਾਰੀ ਹੋਏ ਹਨ ਜਦੋਂ ਇਲੈਕਸ਼ਨ ਵਾਲੇ ਸਾਲ ਵਿਚ ਅਰਬ ਅਮਰੀਕੀ ਵੋਟਰਾਂ ਦਾ ਬਾਈਡਨ ’ਤੇ ਦਬਾਅ ਵਧ ਰਿਹਾ ਸੀ।




