Jul 27, 2026 4:23 PM - Connect Newsroom - Ramanpreet kaur with files from The Canadian Press

ਕੈਨੇਡਾ ਵਿਚ ਟੋਰੌਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਆਰਮਰੀ ਸਟ੍ਰੀਟ ਵਿਖੇ ਸਥਿਤ ਅਮਰੀਕੀ ਕੌਂਸਲੇਟ ਨੂੰ ਸੋਮਵਾਰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਹੈ। ਇਹ ਇਸ ਸਾਲ ਇਸ ਇਮਾਰਤ ਨੂੰ ਟਾਰਗੇਟ ਬਣਾਉਣ ਦੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਸਵੇਰ ਕਰੀਬ ਪੌਣੇ ਪੰਜ ਵਜੇ ਵਾਪਰੀ।
ਟੋਰੌਂਟੋ ਪੁਲਿਸ ਦੇ ਡਿਪਟੀ ਚੀਫ਼ ਫ੍ਰੈਂਕ ਬੈਰੇਡੋ ਮੁਤਾਬਕ, ਇਸ ਦੌਰਾਨ ਪੁਲਿਸ ਔਫੀਸਰ ਉੱਥੇ ਹੀ ਮੌਜੂਦ ਸਨ। ਘੱਟੋ-ਘੱਟ ਇੱਕ ਗੋਲੀ ਕੌਂਸਲੇਟ ਦੀ ਇਮਾਰਤ ਦੇ ਅਗਲੇ ਹਿੱਸੇ 'ਤੇ ਲੱਗੀ, ਹਾਲਾਂਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਸ਼ੂਟਿੰਗ ਤੋਂ ਤੁਰੰਤ ਬਾਅਦ ਇੱਕ ਚਿੱਟੇ ਰੰਗ ਦੀ ਸੇਡਾਨ ਕਾਰ ਹੌਂਡਾ ਅਕਾਰਡ ਨੂੰ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਭੱਜਦਿਆਂ ਦੇਖਿਆ ਗਿਆ, ਜਿਸ ਦਾ ਪੁਲਿਸ ਨੇ ਪਿੱਛਾ ਵੀ ਕੀਤਾ ਪਰ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਬਾਅਦ ਵਿਚ ਪਿੱਛਾ ਰੋਕਣਾ ਪਿਆ। ਡਿਪਟੀ ਚੀਫ਼ ਮੁਤਾਬਕ, ਗੱਡੀ 'ਤੇ ਕੋਈ ਲਾਇਸੈਂਸ ਪਲੇਟ ਨਹੀਂ ਲੱਗੀ ਹੋਈ ਸੀ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 10 ਮਾਰਚ ਨੂੰ ਇਸੇ ਕੌਂਸਲੇਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਪੁਲਿਸ ਨੇ ਹਾਲ ਹੀ ਵਿਚ ਚਿਤਾਵਨੀ ਦਿੱਤੀ ਸੀ ਕਿ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਪੈਸੇ ਦੇ ਕੇ ਧਾਰਮਿਕ ਸਥਾਨਾਂ ਅਤੇ ਅਮਰੀਕੀ ਕੌਂਸਲੇਟ ਵਰਗੇ ਖਾਸ ਟਿਕਾਣਿਆਂ 'ਤੇ ਗੋਲੀਆਂ ਚਲਾਉਣ ਲਈ ਭਰਤੀ ਕੀਤਾ ਜਾ ਰਿਹਾ ਹੈ ਅਤੇ ਇਸ ਮਾਮਲੇ ਦੀ ਜਾਂਚ ਵੀ ਉਸੇ ਦਿਸ਼ਾ ਵਿਚ ਕੀਤੀ ਜਾ ਰਹੀ ਹੈ।




