Dec 2, 2025 2:52 PM - Connect Newsroom - Jasmine Singh

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਬਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਿਹਤ ਬਾਰੇ ਚੱਲ ਰਹੀਆਂ ਅਟਕਲਾਂ ਅਤੇ ਅਫ਼ਵਾਹਾਂ ਦਰਮਿਆਨ ਉਨ੍ਹਾਂ ਦੀ ਭੈਣ ਉਜ਼ਮਾ ਖਾਨਮ ਨੇ ਅੱਜ ਅਦਿਆਲਾ ਜੇਲ੍ਹ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਇਹ ਮੁਲਾਕਾਤ ਕਰੀਬ 30 ਮਿੰਟ ਚੱਲੀ ਅਤੇ ਇਸ ਮਗਰੋਂ ਉਨ੍ਹਾਂ ਪੁਸ਼ਟੀ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਸਰੀਰਕ ਤੌਰ 'ਤੇ ਬਿਲਕੁਲ ਠੀਕ ਹਨ ਪਰ ਉਨ੍ਹਾਂ ਗੰਭੀਰ ਦੋਸ਼ ਲਾਏ ਕਿ ਖ਼ਾਨ ਨੂੰ ਜੇਲ੍ਹ ਵਿਚ ਮਾਨਸਿਕ ਤਸੀਹੇ ਦਿੱਤੇ ਜਾ ਰਹੇ ਹਨ।
ਪਰਿਵਾਰ ਨਾਲ ਕਈ ਹਫ਼ਤਿਆਂ ਬਾਅਦ ਹੋਈ ਇਸ ਮੁਲਾਕਾਤ ਨੇ ਪੀ.ਟੀ.ਆਈ. ਸਮਰਥਕਾਂ ਵਿਚ ਫੈਲੀ ਬੇਚੈਨੀ ਨੂੰ ਕੁਝ ਹੱਦ ਤੱਕ ਸ਼ਾਂਤ ਕੀਤਾ, ਜੋ ਲਗਾਤਾਰ ਇਮਰਾਨ ਖ਼ਾਨ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕਰ ਰਹੇ ਸਨ। ਉਜ਼ਮਾ ਮੁਤਾਬਕ, ਇਮਰਾਨ ਖਾਨ ਨੂੰ ਸਾਰਾ ਦਿਨ ਕੋਠੜੀ ਵਿਚ ਬੰਦ ਰੱਖਿਆ ਜਾਂਦਾ ਹੈ ਅਤੇ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਕਰਨ ਦਿੱਤਾ ਜਾਂਦਾ।
ਇਹ ਮੁਲਾਕਾਤ ਉਦੋਂ ਸੰਭਵ ਹੋਈ ਜਦੋਂ ਪੀ.ਟੀ. ਆਈ. ਦੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਰਾਵਲਪਿੰਡੀ ਅਤੇ ਇਸਲਾਮਾਬਾਦ ਵਿਚ ਵੱਡੇ ਇਕੱਠਾਂ 'ਤੇ ਪਾਬੰਦੀ ਲਗਾਉਣ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਇਸ ਹਫਤੇ ਦੇ ਸ਼ੁਰੂ ਵਿਚ ਅਫਗਾਨਿਸਤਾਨ ਦੇ ਕਈ ਸੋਸ਼ਲ ਮੀਡੀਆ ਹੈਂਡਲਾਂ ਨੇ ਦਾਅਵਾ ਕੀਤਾ ਸੀ ਕਿ ਇਮਰਾਨ ਖਾਨ ਨੂੰ ਰਾਵਲਪਿੰਡੀ ਦੀ ਜੇਲ੍ਹ ਵਿਚ ਕਤਲ ਕੀਤਾ ਜਾ ਚੁੱਕਾ ਹੈ।




