Dec 3, 2024 5:49 PM - The Canadian Press

ਇਜ਼ਰਾਇਲ ਅਤੇ ਹਿੱਜਬੁਲਾ ਵਿਚਕਾਰ ਜੰਗਬੰਦੀ ਸਮਝੌਤਾ ਟੁੱਟਣ ਦਾ ਖ਼ਤਰਾ ਮੰਡਰਾ ਰਿਹਾ ਹੈ। ਰਿਪੋਰਟਸ ਮੁਤਾਬਕ, ਸੋਮਵਾਰ ਰਾਤ ਦੱਖਣੀ ਲੇਬਨਾਨ ਵਿਚ ਇਜ਼ਰਾਇਲ ਨੇ ਹਵਾਈ ਹਮਲੇ ਕੀਤੇ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ, ਉਥੇ ਹੀ, ਹਿੱਜਬੁਲਾ ਨੇ ਵੀ ਮੋਰਟਾਰ ਹਮਲਾ ਕੀਤਾ। ਪਿਛਲੇ ਹਫ਼ਤੇ ਹੀ ਦੋਵੇਂ ਧਿਰਾਂ 13 ਮਹੀਨੇ ਦੇ ਲੰਮੇ ਸੰਘਰਸ਼ ’ਤੇ ਵਿਰਾਮ ਲਗਾਉਣ ਲਈ ਸਹਿਮਤ ਹੋਈਆਂ ਸਨ।
ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ ਬਾਰਡਰ ਨੇੜੇ ਹਿੱਜਬੁਲਾ ਦੇ ਲੜਾਕੂ, ਲਾਂਚਰ ਅਤੇ ਬੁਨਿਆਦੀ ਢਾਂਚੇ ਨੂੰ ਟਾਰਗੇਟ ਕੀਤਾ ਅਤੇ ਲੇਬਨਾਨੀ ਅਧਿਕਾਰੀ ਨੂੰ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਗਤੀਵਧੀਆਂ ’ਤੇ ਸਖ਼ਤੀ ਨਾਲ ਲਗਾਮ ਲਗਾਈ ਜਾਵੇ।
ਗੌਰਤਲਬ ਹੈ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਦੀ ਵਿਚੋਲਗੀ ਨਾਲ ਦੋਵੇਂ ਧਿਰਾਂ ਜੰਗਬੰਦੀ ਸਮਝੌਤੇ ’ਤੇ ਪਹੁੰਚੀਆਂ ਸਨ। ਇਸ ਸਮਝੌਤੇ ਤਹਿਤ ਹਿੱਜਬੁਲਾ ਨੂੰ ਇਜ਼ਰਾਇਲ ਦੇ ਨਾਲ ਬਾਰਡਰ ਏਰੀਏ ਵਿਚ ਆਪਣੀ ਹਥਿਆਰਬੰਦ ਮੌਜੂਦਗੀ ਨੂੰ ਖਤਮ ਕਰਨ ਲਈ 60 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਜ਼ਰਾਈਲੀ ਫੌਜ ਨੂੰ ਵੀ ਉਸੇ ਸਮੇਂ ਦੌਰਾਨ ਪਿੱਛੇ ਹਟਣਾ ਹੋਵੇਗਾ।




