Dec 27, 2024 2:53 PM - The Canadian Press

ਕੈਨੇਡਾ ਦੇ ਵਿੱਤ ਮੰਤਰੀ ਵਜੋਂ ਨਵੀਂ ਜ਼ਿੰਮੇਵਾਰੀ ਸੰਭਾਲ ਰਹੇ ਡੋਮਿਨਿਕ ਲੇਬਲੈਂਕ ਅਤੇ ਵਿਦੇਸ਼ ਮੰਤਰੀ ਮੇਲਾਨੀ ਜੋਲੀ ਵਲੋਂ ਸ਼ੁੱਕਰਵਾਰ ਨੂੰ ਫਲੋਰੀਡਾ ਵਿਚ ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਹਿਯੋਗੀਆਂ ਨਾਲ ਟੈਰਿਫ 'ਤੇ ਗੱਲਬਾਤ ਲਈ ਮੁਲਾਕਾਤ ਕੀਤੀ ਜਾ ਰਹੀ ਹੈ।
ਲੇਬਲੈਂਕ ਦੇ ਦਫਤਰ ਨੇ ਇੱਕ ਬਿਆਨ ਵਿਚ ਕਿਹਾ ਕਿ ਇਸ ਮੁਲਾਕਾਤ ਦਾ ਉਦੇਸ਼ ਕੈਨੇਡੀਅਨ ਆਯਾਤ 'ਤੇ ਟੈਰਿਫ ਨਾਲ ਦੋਵੇਂ ਮੁਲਕਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਹਾਈਲਾਈਟ ਕਰਨਾ ਹੈ। ਟਰੰਪ ਨੇ ਜਨਵਰੀ ਵਿਚ ਅਹੁਦਾ ਸੰਭਾਲਦੇ ਹੀ ਕੈਨੇਡੀਅਨ ਵਸਤਾਂ 'ਤੇ 25 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ।
ਲੇਬਲੈਂਕ ਅਤੇ ਜੋਲੀ ਦਾ ਲੇਟਸਟ ਫਲੋਰੀਡਾ ਦੌਰਾ ਉਸ ਸਮੇਂ ਹੈ ਜਦੋਂ ਡੋਨਲਡ ਟਰੰਪ ਲਗਾਤਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟ੍ਰੋਲ ਕਰ ਰਹੇ ਹਨ ਅਤੇ ਦੂਜੇ ਪਾਸੇ ਲਿਬਰਲਸ ਅੰਦਰ ਟਰੂਡੋ ਉੱਤੇ ਅਸਤੀਫਾ ਦੇਣ ਦਾ ਦਬਾਅ ਵੱਧ ਰਿਹਾ ਹੈ।
ਗੌਰਤਲਬ ਹੈ ਕਿ ਵਿੱਤ ਮੰਤਰੀ ਲੇਬਲੈਂਕ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਕ੍ਰਿਸਮਸ ਤੋਂ ਬਾਅਦ ਟਰੰਪ ਦੇ ਚੋਟੀ ਦੇ ਸਰਹੱਦੀ ਸਲਾਹਕਾਰ ਟੌਮ ਹੋਮਨ ਨਾਲ ਮੁਲਾਕਾਤ ਕਰਨ ਵਾਲੇ ਹਨ ਤਾਂ ਜੋ ਅਮਰੀਕਾ ਨਾਲ ਸਰਹੱਦੀ ਸੁਰੱਖਿਆ ਬਾਰੇ ਕੈਨੇਡਾ ਦੀ ਯੋਜਨਾ 'ਤੇ ਚਰਚਾ ਕੀਤੀ ਜਾ ਸਕੇ।
ਦੱਸ ਦੇਈਏ ਕਿ ਟਰੰਪ ਨੇ ਗੈਰ-ਕਾਨੂੰਨੀ ਸਰਹੱਦੀ ਲਾਂਘੇ ਅਤੇ ਨਸ਼ੇ ਦੀ ਤਸਕਰੀ ਨੂੰ ਹੀ ਕੈਨੇਡੀਅਨ ਆਯਾਤ 'ਤੇ ਟੈਰਿਫ ਲਗਾਉਣ ਦਾ ਕਾਰਨ ਦੱਸਿਆ ਹੈ।




