Sep 1, 2026 2:20 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਸੱਤਧਾਰੀ ਲਿਬਰਲ ਸਰਕਾਰ ਦੇ ਉੱਘੇ ਐਮਪੀ ਸਟੀਵਨ ਗਿਲਬੌਲਟ ਨੇ ਅਧਿਕਾਰਤ ਤੌਰ 'ਤੇ ਮਾਂਟਰੀਅਲ ਦੀ Laurier–Sainte-Marie ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਦੀ ਪੁਸ਼ਟੀ ਹਾਊਸ ਔਫ ਕਾਮਨਜ਼ ਦੀ ਵੈੱਬਸਾਈਟ 'ਤੇ ਕੀਤੀ ਗਈ ਹੈ। ਵਾਤਾਵਰਣ ਕਾਰਕੁਨ ਰਹੇ ਗਿਲਬੌਲਟ ਨੇ ਪਾਰਟੀ ਲੀਡਰਸ਼ਿਪ ਨਾਲ ਸਿਧਾਂਤਕ ਮਤਭੇਦ ਖ਼ਾਸ ਕਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਖਪਤਕਾਰ ਕਾਰਬਨ ਟੈਕਸ ਨੂੰ ਖ਼ਤਮ ਕਰਨ ਅਤੇ ਐਲਬਰਟਾ ਨੂੰ ਤੇਲ ਪਾਈਪਲਾਈਨ ਬਣਾਉਣ ਦਾ ਸਮਰਥਨ ਦੇਣ ਦਾ ਵਿਰੋਧ ਕਰਦਿਆਂ ਸਰਕਾਰ ਛੱਡੀ ਹੈ।
ਸਸਕੈਚਵਨ ਤੋਂ ਸਾਲ 2015 ਤੋਂ ਕੰਜ਼ਰਵੇਟਿਵ ਪਾਰਟੀ ਦੀ ਐਮ.ਪੀ. ਰਹੀ ਕੈਥੇ ਵਾਗੈਂਟਾਲ ਨੇ ਵੀ ਆਪਣੀ Yorkton—Melville ਤੋਂ ਅਧਿਕਾਰਤ ਤੌਰ 'ਤੇ ਅਸਤੀਫ਼ਾ ਦੇ ਦਿੱਤਾ ਹੈ। ਹਾਲ ਹੀ ਦੇ ਮਹੀਨਿਆਂ ਵਿਚ ਕਈ ਹੋਰ ਸੰਸਦ ਮੈਂਬਰਾਂ ਦੇ ਅਸਤੀਫ਼ੇ ਵੀ ਹੋਏ ਹਨ ਜਾਂ ਉਨ੍ਹਾਂ ਅਸਤੀਫਾ ਕਰਨ ਦਾ ਐਲਾਨ ਕੀਤਾ ਹੈ, ਜਿਸ ਕਾਰਨ ਕੁੱਲ ਮਿਲਾ ਕੇ ਆਉਣ ਵਾਲੇ ਮਹੀਨਿਆਂ ਵਿਚ ਛੇ ਸੰਸਦੀ ਸੀਟਾਂ ਲਈ ਉਪ-ਚੋਣਾਂ ਹੋਣੀਆਂ ਹਨ।
ਓਨਟਾਰੀਓ ਤੋਂ ਕੰਜ਼ਰਵੇਟਿਵ ਐਮਪੀ ਲੈਰੀ ਬ੍ਰੌਕ ਵਲੋਂ ਵੀ ਇਸ ਮਹੀਨੇ ਅਸਤੀਫਾ ਦੇਣ ਦੀ ਉਮੀਦ ਹੈ। ਗੌਰਤਲਬ ਹੈ ਕਿ ਜਦੋਂ ਕੋਈ ਸੀਟ ਖਾਲੀ ਹੁੰਦੀ ਹੈ ਤਾਂ ਪ੍ਰਧਾਨ ਮੰਤਰੀ ਕੋਲ ਜ਼ਿਮਨੀ ਚੋਣਾਂ ਐਲਾਨਣ ਲਈ 11 ਤੋਂ 180 ਦਿਨਾਂ ਦਾ ਸਮਾਂ ਹੁੰਦਾ ਹੈ।




