Jul 30, 2022 12:30 AM - Connect News

ਐਬਟਸਫੋਰਡ 'ਚ ਪੁਲਿਸ ਵੱਲੋਂ 4 ਆਦਮੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਜਿੰਨਾ ਕਥਿਤ ਤੌਰ 'ਤੇ ਇੱਕ ਔਰਤ ਨੂੰ ਡਾਕੇ ਦਾ ਸ਼ਿਕਾਰ ਬਣਾਇਆ।
ਇੰਨਾ ਹੀ ਨਹੀਂ ਪੁਲਿਸ ਅਨੁਸਾਰ ਇਨ੍ਹਾਂ ਸ਼ੱਕੀਆਂ ਨੇ ਔਰਤ ਨੂੰ ਆਪਣੀ ਗੱਡੀ ਦੇ ਨਾਲ ਘੜੀਸ ਦਿੱਤਾ ਸੀ।
ਐਬਟਸਫੋਰਡ ਪੁਲਿਸ ਵੱਲੋਂ ਅੱਜ ਦੱਸਿਆ ਗਿਆ ਕਿ ਮਾਮਲਾ 20 ਜੁਲਾਈ ਦਾ ਹੈ।
ਅਫਸਰਾਂ ਨੂੰ ਤੜਕੇ ਕਰੀਬ 1.30 ਵਜੇ ਮੈਕੁਲਮ ਰੋਡ ਦੇ 2500 ਬਲੌਕ 'ਚ ਸੱਦਿਆ ਗਿਆ ਸੀ।
ਇਲਾਕੇ 'ਚ ਇੱਕ ਔਰਤ ਨਾਲ ਡਕੈਤੀ ਰਿਪੋਰਟ ਹੋਈ ਸੀ।
ਪੀੜਤ ਔਰਤ ਦੀ ਉਮਰ 40 ਸਾਲ ਦੱਸੀ ਗਈ ਅਤੇ ਉਸ ਦਾ ਕਹਿਣਾ ਸੀ ਕਿ 4 ਅਣਜਾਣ ਲੋਕਾਂ ਨੇ ਉਸ ਨਾਲ ਲੁੱਟ-ਖੋਹ ਕੀਤੀ ਅਤੇ ਚਾਰੇ ਆਦਮੀਆਂ ਦੀ ਉਮਰ 18 ਤੋਂ 25 ਸਾਲ ਦਰਮਿਆਨ ਜਾਪਦੀ ਸੀ।
ਸਾਰਜੈਂਟ ਪੌਲ ਵਾਕਰ ਨੇ ਦੱਸਿਆ ਕਿ ਸ਼ੱਕੀ ਲੋਕਾਂ ਨੇ ਔਰਤ 'ਤੇ ਬੰਦੂਕ ਤਾਣ ਦਿੱਤੀ ਸੀ ਅਤੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਸੀ।
ਇਸੇ ਤਕਰਾਰ ਦੌਰਾਨ ਔਰਤ ਨੂੰ ਸ਼ੱਕੀਆਂ ਨੇ ਫੜ੍ਹ ਕੇ ਆਪਣੀ ਗੱਡੀ ਦੇ ਨਾਲ ਘੜੀਸ ਦਿੱਤਾ ਸੀ।
ਸ਼ੱਕੀ ਵਾਹਨ ਨੂੰ ਪੁਰਾਣੇ ਮਾਡਲ ਦੀ ਹੌਂਡਾ ਸਿਵਿਕ ਗੱਡੀ ਦੱਸਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ।
ਪੁਲਿਸ ਨੇ ਲੋਕਾਂ ਨੂੰ ਮੰਗ ਕੀਤੀ ਹੈ ਕਿ ਘਟਨਾ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਦੱਸਿਆ ਜਾਵੇ।




