Jun 4, 2026 4:23 PM - Connect Newsroom - Ramandeep Kaur with files from The Canadian Press

ਕਿਊਬੈਕ ਵਿਚ ਮਾਂਟਰੀਅਲ ਦੇ ਸਾਊਥ ਵਿਚ ਸਥਿਤ ਨੋਯਾਨ ਇਲਾਕੇ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਦੇ ਮਾਮਲੇ ਵਿਚ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਇੱਥੇ ਬਾਰਡਰ ਇਨਫੋਰਸਮੈਂਟ ਟੀਮ ਦੇ ਇੱਕ ਪੈਟਰੋਲਿੰਗ ਔਫੀਸਰ 'ਤੇ ਹਮਲਾ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਚੇਤਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਘਟਨਾ ਮੰਗਲਵਾਰ ਰਾਤ ਨੂੰ ਉਦੋਂ ਵਾਪਰੀ ਜਦੋਂ ਅਮਰੀਕੀ ਬਾਰਡਰ ਪੈਟਰੋਲ ਏਜੰਸੀ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਨੋਯਾਨ ਖੇਤਰ ਵਿਚ 5 ਲੋਕਾਂ ਨੇ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕੀਤੀ ਹੈ। ਕੈਨੇਡੀਅਨ ਬਾਰਡਰ ਇਨਫੋਰਸਮੈਂਟ ਟੀਮ ਦੇ ਇੱਕ ਅਧਿਕਾਰੀ ਨੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੇ ਸ਼ੱਕੀ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਚਲਾ ਰਹੇ ਚੇਤਨ ਕੁਮਾਰ ਨੇ ਪੁਲਿਸ ਵ੍ਹੀਕਲ ਨੂੰ ਟੱਕਰ ਮਾਰ ਕੇ ਔਫੀਸਰ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਥੋੜ੍ਹੀ ਦੇਰ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ 'ਤੇ ਪੀਸ ਔਫੀਸਰ 'ਤੇ ਹਮਲਾ ਕਰਨ, ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਦੇ ਦੋਸ਼ ਲਗਾਏ ਗਏ ਹਨ। ਚੇਤਨ ਭਲਕੇ ਜ਼ਮਾਨਤ ਸੁਣਵਾਈ ਲਈ ਅਦਾਲਤ ਵਿਚ ਪੇਸ਼ ਹੋਵੇਗਾ।




