Sep 11, 2026 5:20 PM - Connect Newsroom - Ramandeep Kaur with files from The Canadian Press

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
ਕਾਲਰ ਨੇ ਲਗਾਤਾਰ ਪੀੜਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਿੰਸਾ ਦੀਆਂ ਸਪੱਸ਼ਟ ਧਮਕੀਆਂ ਦਿੱਤੀਆਂ। ਲਗਭਗ 12 ਘੰਟੇ ਬਾਅਦ, ਇੱਕ ਅਣਪਛਾਤੇ ਸ਼ੱਕੀ ਨੇ ਪੀੜਤ ਦੇ ਘਰ 'ਤੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਕੈਲਗਰੀ ਪੁਲਿਸ ਨੇ ਇੱਕ ਸ਼ੱਕੀ ਵਾਹਨ ਅਤੇ ਕਈ ਦੋਸ਼ੀਆਂ ਦੀ ਪਛਾਣ ਕੀਤੀ। 29 ਜੁਲਾਈ ਨੂੰ, ਇੱਕ 17 ਸਾਲਾ ਨੌਜਵਾਨ ਨੂੰ ਪੀੜਤ ਅਤੇ ਧਮਕੀਆਂ ਦੇਣ ਵਾਲਿਆਂ ਵਿਚਕਾਰ ਗੱਲਬਾਤ ਨੂੰ ਅੱਗੇ ਵਧਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਉਸ ਉੱਤੇ ਫਿਰੌਤੀ ਦਾ ਇੱਕ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਚੈਸਟਰਮੀਅਰ ਦੀ ਰਹਿਣ ਵਾਲੀ 23 ਸਾਲਾ ਕਨੂਰੀਤ ਕੌਰ ਉੱਤੇ ਵੀ ਫਿਰੌਤੀ ਦਾ ਇੱਕ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ। ਉਹ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਵਾਲੀ ਹੈ ਜਦਕਿ ਤਨਵੀਰ ਦੀ ਭਾਲ ਜਾਰੀ ਹੈ। ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਦੱਸ ਕੇ ਮਦਦ ਜ਼ਰੂਰ ਕਰੇ।




