Aug 21, 2026 3:15 PM - Connect Newsroom - Ramandeep Kaur with files from The Canadian Press

ਮਾਂਟਰੀਅਲ ਸਿਟੀ ਨੇ ਪੁਲਿਸ ਨੂੰ ਜਲਦ ਬਾਡੀ ਕੈਮਰੇ ਨਾਲ ਤਾਇਨਾਤ ਕਰਨ ਅਤੇ ਉਨ੍ਹਾਂ ਨੂੰ ਨਵੀਆਂ ਪਾਵਰ ਦੇਣ ਦੀ ਯੋਜਨਾ ਬਣਾਈ ਹੈ। ਸਿਟੀ ਵਲੋਂ ਇਸ ਸਬੰਧ ਵਿਚ ਇੱਕ ਨਵਾਂ ਬਾਇ ਲਾਅ ਲਿਆਂਦਾ ਜਾ ਰਿਹਾ ਹੈ, ਜਿਸ ਤਹਿਤ ਪੁਲਿਸ ਅਧਿਕਾਰੀ ਤੇ ਸਿਟੀ ਕਰਮਚਾਰੀਆਂ ਦੀ ਬੇਇੱਜ਼ਤੀ ਕਰਨ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਇਸ ਕਦਮ ਦਾ ਐਲਾਨ ਮਾਂਟਰੀਅਲ ਦੀ ਮੇਅਰ ਸੋਰਾਇਆ ਮਾਰਟੀਨੇਜ਼ ਫੇਰਾਡਾ ਨੇ ਕੀਤਾ। ਜੇ ਇਹ ਬਾਇ ਲਾਅ ਪਾਸ ਹੁੰਦਾ ਹੈ ਤਾਂ ਪੁਲਿਸ ਨੂੰ ਉਨ੍ਹਾਂ ਦਾ ਅਤੇ ਨਗਰਪਾਲਿਕਾ ਦੇ ਕਿਸੇ ਵੀ ਕਰਮਚਾਰੀ ਦਾ ਅਪਮਾਨ ਕਰਨ ਵਾਲੇ ਸ਼ਖਸ ਖ਼ਿਲਾਫ਼ ਮੌਕੇ 'ਤੇ ਜੁਰਮਾਨਾ ਲਗਾਉਣ ਦੇ ਨਵੇਂ ਅਧਿਕਾਰ ਮਿਲਣਗੇ। ਮੇਅਰ ਫੇਰਾਡਾ ਮੁਤਾਬਕ, ਸਿਟੀ ਪ੍ਰਸ਼ਾਸਨ ਦੇ ਪਹਿਲੇ ਬਜਟ ਵਿਚ ਬਾਡੀ ਕੈਮਰੇ ਲਈ 40 ਮਿਲੀਅਨ ਡਾਲਰ ਰੱਖੇ ਗਏ ਹਨ।
ਇਹ ਫੈਸਲਾ ਸ਼ਹਿਰ ਵਿਚ ਪੁਲਿਸ ਸਕੈਂਡਲ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿਚ ਕਾਲੇ ਅਤੇ ਅਰਬ ਮੂਲ ਦੇ ਲੋਕਾਂ ਖ਼ਿਲਾਫ਼ ਨਫ਼ਰਤੀ ਅਤੇ ਅਪਰਾਧਿਕ ਵਿਵਹਾਰ ਦੇ ਦੋਸ਼ਾਂ ਤੋਂ ਬਾਅਦ 16 ਮੈਂਬਰੀ ਪੈਟਰੋਲ ਯੂਨਿਟ ਨੂੰ ਭੰਗ ਕਰ ਦਿੱਤਾ ਗਿਆ ਸੀ। ਮੇਅਰ ਨੇ ਸਪੱਸ਼ਟੀਕਰਨ ਦਿੰਦੇ ਕਿਹਾ ਕਿ ਨਵੇਂ ਕਾਨੂੰਨ ਦਾ ਮਕਸਦ ਲੋਕਾਂ ਦੀ ਜਾਇਜ਼ ਆਲੋਚਨਾ ਨੂੰ ਰੋਕਣਾ ਨਹੀਂ ਬਲਕਿ ਜਨਤਕ ਸੇਵਕਾਂ ਨੂੰ ਦੁਰਵਿਵਹਾਰ ਤੋਂ ਬਚਾਉਣਾ ਅਤੇ ਪੁਲਿਸ ਦੀ ਜਵਾਬਦੇਹੀ ਤੈਅ ਕਰਕੇ ਜਨਤਾ ਵਿਚ ਮੁੜ ਵਿਸ਼ਵਾਸ ਬਣਾਉਣਾ ਹੈ।




