Aug 26, 2022 7:31 PM - Connect News

ਬੀ.ਸੀ. ਫੈਰੀਸ ਨੇ ਜਾਣਕਾਰੀ ਦਿੱਤੀ ਹੈ ਕਿ ਨਨਾਈਮੋ ਦੀ ਇੱਕ ਫੈਰੀ 'ਚ ਵਾਪਰੇ ਪੁਲਿਸ ਨਾਲ ਸੰਬੰਧਤ ਘਟਨਾਕ੍ਰਮ ਦੇ ਚਲਦਿਆਂ ਕਈ ਸੇਲਿੰਗਸ ਪ੍ਰਭਾਵਿਤ ਹੋ ਰਹੀਆਂ ਹਨ।
ਇਸ 'ਚ ਕੁਝ ਫੈਰੀ ਯਾਤਰਾਵਾਂ ਦੇ ਡਿਲੇ ਹੋਣ ਅਤੇ ਕੁਝ ਨੂੰ ਰੱਦ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।
ਮਾਮਲਾ ਡਿਊਕ ਪਾਇੰਟ ਅਤੇ ਟਵਾਸਨ ਵਿਚਾਲੇ ਯਾਤਰਾ ਕਰਨ ਵਾਲੀ ਕੋਸਟਲ ਇੰਸਪੀਰੇਸ਼ਨ ਫੈਰੀ ਨਾਲ ਸੰਬੰਧਤ ਦੱਸਿਆ ਗਿਆ ਹੈ।
ਨਨਾਈਮੋ ਤੋਂ ਆਰ.ਸੀ.ਐਮ.ਪੀ. ਸਟਾਫ਼ ਸਾਰਜੈਂਟ ਗੈਰੀ ਓ' ਬ੍ਰਾਇਨ ਨੇ ਦੱਸਿਆ ਕਿ ਪੁਲਿਸ ਨੂੰ ਵੀਰਵਾਰ ਰਾਤ ਕਰੀਬ 9 ਵਜੇ ਸੱਦਿਆ ਗਿਆ ਸੀ ਅਤੇ 2 ਆਦਮੀਆਂ ਦੀ ਜਾਣਕਾਰੀ ਦਿੱਤੀ ਗਈ ਸੀ ਜੋ ਕਿ ਫੈਰੀ 'ਤੇ ਪ੍ਰੇਸ਼ਾਨ ਕਰਨ ਵਾਲੀਆਂ ਹਰਕਤਾਂ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇੱਕ ਆਦਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਨ੍ਹਾਂ ਆਦਮੀਆਂ ਦੀਆਂ ਹਰਕਤਾਂ ਕਾਰਨ ਫੈਰੀ ਨੂੰ ਵਾਪਿਸ ਨਨਾਈਮੋ ਵੱਲ ਮੋੜਿਆ ਗਿਆ ਸੀ, ਪਰ ਪੁਲਿਸ ਅਨੁਸਾਰ ਦੂਜਾ ਵਿਅਕਤੀ ਮੌਕੇ ਤੋਂ ਨਿਕਲ ਗਿਆ ਸੀ।
ਫੁਟੇਜ ਦੀ ਜਾਂਚ ਤੋਂ ਪਤਾ ਲੱਗਿਆ ਕਿ ਫੈਰੀ ਦੇ ਕਿਨਾਰੇ 'ਤੇ ਪਹੁੰਚਣ ਤੋਂ ਬਾਅਦ ਇਹ ਵਿਅਕਤੀ ਫੈਰੀ ਤੋਂ ਉੱਤਰ ਇੱਕ ਟੈਕਸੀ 'ਚ ਮੌਕੇ ਤੋਂ ਨਿਕਲਣ 'ਚ ਕਾਮਯਾਬ ਹੋ ਗਿਆ।
ਪੁਲਿਸ ਅਨੁਸਾਰ ਦੋਵਾਂ ਆਦਮੀਆਂ ਦੀ ਉਮਰ 30 ਤੋਂ 40 ਸਾਲ ਦਰਮਿਆਨ ਹੈ ਅਤੇ ਦੋਵਾਂ ਨੂੰ ਡਰੱਗਸ ਦੇ ਪ੍ਰਭਾਵ ਹੇਠ ਮੰਨਿਆ ਜਾ ਰਿਹਾ ਸੀ।
ਅਸਿਸਟੈਂਟ ਇੰਸਪੈਕਟਰ ਜੇਮਸ ਸੈਂਡਬਰਗ ਨੇ ਦੱਸਿਆ ਕਿ ਡੈਲਟਾ ਪੁਲਿਸ ਡਿਪਾਰਟਮੈਂਟ ਦੇ ਅਫਸਰਾਂ ਨੇ ਅੱਜ ਸਵੇਰ ਦੇ ਸਮੇਂ ਫੈਰੀ ਟਰਮਿਨਲ ਦੇ ਵੱਡੇ ਟਰੈਫਿਕ ਕੰਜੈਸ਼ਨ ਨਾਲ ਨਜਿੱਠਣ 'ਚ ਮਦਦ ਪ੍ਰਦਾਨ ਕੀਤੀ ਸੀ।




