Dec 13, 2024 5:45 PM - The Canadian Press

ਸਰੀ ਦੇ ਹਾਈਵੇਅ 99 ਨੇੜੇ ਵੀਰਵਾਰ ਸ਼ਾਮ ਕਈ ਵਾਹਨਾਂ ਵਿਚਕਾਰ ਟੱਕਰ ਹੋਣ ਕਾਰਨ 6 ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਹਾਈਵੇਅ 91 ਦੇ ਓਵਰਪਾਸ ’ਤੇ ਕਰੀਬ 5.30 ਵਜੇ 9 ਵਾਹਨ ਆਪਸ ਵਿਚ ਟਕਰਾ ਗਏ ਸਨ।
ਇਸ ਕਾਰਨ ਜ਼ਖਮੀ ਹੋਏ 6 ਵਿਚੋਂ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਸਬੰਧੀ ਜਾਂਚ ਚੱਲ ਰਹੀ ਹੈ। ਇਸ ਕਾਰਨ ਹਾਈਵੇਅ 91 ਅਤੇ ਕਿੰਗ ਜਾਰਜ ਬੁਲੇਵਾਰਡ ਦਾ ਕਾਫੀ ਇਲਾਕਾ ਬੰਦ ਰਿਹਾ ਅਤੇ ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਪੁਲਿਸ ਮੁਤਾਬਕ ਇਲਾਕੇ ਵਿਚੋਂ ਵਾਹਨ ਹਟਾਉਣ ਲਈ ਕਾਫੀ ਸਮਾਂ ਲੱਗਾ ਅਤੇ ਕੁਝ ਇਲਾਕਾ ਅਜੇ ਬੰਦ ਹੈ। ਔਫੀਸਰਜ਼ ਵਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤਾਂ ਕਿ ਪਤਾ ਲੱਗ ਸਕੇ ਹਾਦਸਾ ਕਿਵੇਂ ਵਾਪਰਿਆ।
ਬੀ.ਸੀ. ਐਮਰਜੈਂਸੀ ਸਿਹਤ ਸੇਵਾਵਾਂ ਮੁਤਾਬਕ ਇੱਥੇ 8 ਐਂਬੂਲੈਂਸ ਭੇਜੀਆਂ ਗਈਆਂ, ਜਿਨ੍ਹਾਂ ਵਿਚੋਂ ਇਕ ਹਵਾਈ ਐਂਬੂਲੈਂਸ ਸੀ। ਔਫੀਸਰਜ਼ ਨੇ ਕਿਹਾ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ 604-599-0502 ’ਤੇ ਸੰਪਰਕ ਕਰਕੇ ਦੱਸ ਸਕਦਾ ਹੈ।




