Aug 9, 2022 3:48 PM - ANI

ਨਿਤੀਸ਼ ਕੁਮਾਰ ਨੇ ਬਿਹਾਰ ਵਿਚ ਜਨਤਾ ਦਲ (ਯੂ) ਅਤੇ ਭਾਜਪਾ ਵਿਚਾਲੇ ਗਠਜੋੜ ਨੂੰ ਤੋੜਦੇ ਹੋਏ ਮੰਗਲਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਦੇ ਕੁਝ ਘੰਟੇ ਬਾਅਦ ਉਨ੍ਹਾਂ ਨੇ ਸੂਬੇ ਦੇ ਰਾਜਪਾਲ ਨੂੰ 164 ਵਿਧਾਇਕਾਂ ਦੀ ਸੂਚੀ ਸੌਂਪ ਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕਰ ਦਿੱਤਾ ਹੈ।
ਨਿਤੀਸ਼ ਨੇ ਪੱਤਰਕਾਰਾਂ ਨੂੰ ਕਿਹਾ, "ਅਸੀਂ ਰਾਜਪਾਲ ਨੂੰ 164 ਵਿਧਾਇਕਾਂ ਦੀ ਸੂਚੀ ਸੌਂਪੀ ਦਿੱਤੀ ਹੈ ਅਤੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਉਹ ਸਾਨੂੰ ਦੱਸਣਗੇ ਕਿ ਸਹੁੰ ਚੁੱਕ ਸਮਾਗਮ ਕਦੋਂ ਹੋ ਸਕਦਾ ਹੈ।"
ਜ਼ਿਕਰਯੋਗ ਹੈ ਕਿ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ਨੂੰ ਮਹਾਗਠਜੋੜ ਦਾ ਲੀਡਰ ਚੁਣਿਆ ਗਿਆ ਹੈ।
ਬਿਹਾਰ ਦੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਨੇ ਕਿਹਾ, "ਸਾਡੇ ਕੋਲ 7 ਪਾਰਟੀਆਂ ਅਤੇ ਇੱਕ ਆਜ਼ਾਦ ਵਿਧਾਇਕ ਦਾ ਸਮਰਥਨ ਹੈ। ਸਮਰਥਨ ਦੇ ਪੱਤਰ 'ਤੇ ਸਾਰਿਆਂ ਵੱਲੋਂ ਦਸਤਖ਼ਤ ਕੀਤੇ ਗਏ ਹਨ।"
ਇਸ ਤੋਂ ਪਹਿਲਾਂ ਅੱਜ ਜਨਤਾ ਦਲ (ਯੂ) ਦੀ ਮੀਟਿੰਗ ਵਿਚ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਫ਼ੈਸਲੇ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਹਨ ਅਤੇ ਹਰ ਫ਼ੈਸਲੇ 'ਤੇ ਸਮਰਥਨ ਦਿੰਦੇ ਰਹਿਣਗੇ।




