Jan 27, 2022 9:39 PM - The Canadian Press

ਔਟਵਾ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਨੀਟੋਬਾ 'ਚ ਐਮਰਸਨ ਦੇ ਕੋਲ ਕੈਨੇਡਾ-ਅਮਰੀਕਾ ਬੌਰਡਰ ਕੋਲ ਬੀਤੇ ਹਫ਼ਤੇ ਜਾਨ ਗਵਾਉਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ ਪਛਾਣ ਹੋ ਗਈ ਹੈ।
ਘਟਨਾ 'ਚ 4 ਲੋਕਾਂ ਦੀ ਮੌਤ ਹੋ ਗਈ ਸੀ।
ਪਰਿਵਾਰ ਦੀ ਪਛਾਣ ਪਟੇਲ ਪਰਿਵਾਰ ਵਜੋਂ ਕੀਤੀ ਗਈ ਹੈ।
ਬੌਰਡਰ ਦੇ ਕੋਲ ਬੇਹੱਦ ਠੰਡੇ ਹਾਲਾਤਾਂ ਵਿੱਚ ਮ੍ਰਿਤ ਮਿਲੇ ਲੋਕਾਂ 'ਚ 39 ਸਾਲਾ ਆਦਮੀ, 37 ਸਾਲਾ ਔਰਤ, 11 ਸਾਲਾ ਲੜਕੀ ਅਤੇ 3 ਸਾਲਾ ਲੜਕਾ ਸ਼ਾਮਿਲ ਦੱਸਿਆ ਗਿਆ ਹੈ।
ਹਾਈ ਕਮਿਸ਼ਨ ਆਫ ਇੰਡੀਆ ਨੇ ਇਸ ਸੰਬੰਧੀ ਨੋਟਿਸ ਜਾਰੀ ਕੀਤਾ ਹੈ।
ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪਰਿਵਾਰ ਬੌਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
19 ਜਨਵਰੀ ਨੂੰ ਤੁਰ ਕੇ ਬੌਰਡਰ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਬੇਹੱਦ ਠੰਡੇ ਹਾਲਾਤਾਂ 'ਚ ਇਸ ਪਰਿਵਾਰ ਦੀ ਮੌਤ ਹੋਈ ਮੰਨੀ ਜਾ ਰਹੀ ਹੈ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਸ਼ੁਰੂਆਤੀ ਜਾਂਚ ਦੌਰਾਨ ਇੱਕ ਪੀੜਤ ਦੀ ਪਛਾਣ ਟੀਨੇਜਰ ਲੜਕੇ ਵਜੋਂ ਕੀਤੀ ਗਈ ਸੀ ਪਰ ਇਹ ਸਹੀ ਜਾਣਕਾਰੀ ਨਹੀਂ ਸੀ ਅਤੇ ਅਧਿਕਾਰੀਆਂ ਨੇ ਇਸ ਦੇ ਲਈ ਮੁਆਫੀ ਮੰਗੀ।
ਅਧਿਕਾਰੀਆਂ ਦਾ ਕਹਿਣਾ ਸੀ ਕਿ ਪਟੇਲ ਪਰਿਵਾਰ ਟੋਰੌਂਟੋ 'ਚ 12 ਜਨਵਰੀ 2022 ਨੂੰ ਪਹੁੰਚਿਆ ਸੀ।
ਇਸ ਤੋਂ ਬਾਅਦ ਇਹ ਪਰਿਵਾਰ ਮੈਨੀਟੋਬਾ ਪਹੁੰਚਿਆ ਅਤੇ ਫਿਰ 18 ਜਨਵਰੀ ਨੂੰ ਐਮਰਸਨ ਪਹੁੰਚਿਆ।
ਪੁਲਿਸ ਦਾ ਕਹਿਣਾ ਹੈ ਕਿ ਮੌਕੇ 'ਤੇ ਕੋਈ ਵਾਹਨ ਨਹੀਂ ਮਿਲਿਆ ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਕੋਈ ਉਨ੍ਹਾਂ ਨੂੰ ਬੌਰਡਰ ਦੇ ਕੋਲ ਛੱਡ ਕੇ ਮੌਕੇ ਤੋਂ ਨਿਕਲ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਇਸ ਮਾਮਲੇ ਨੂੰ ਮਨੁੱਖੀ ਤਸਕਰੀ ਦੀ ਘਟਨਾ ਵਜੋਂ ਵੇਖਿਆ ਜਾ ਰਿਹਾ ਹੈ।




