Dec 23, 2024 7:02 PM - Connect Newsroom

ਓਨਟਾਰੀਓ ਵਿਚ ਖਸਰੇ ਦੇ ਮਾਮਲਿਆਂ ਵਿਚ ਵਾਧਾ ਰਿਪੋਰਟ ਕੀਤਾ ਜਾ ਰਿਹਾ ਹੈ, ਸੂਬੇ ਦੇ ਸਿਹਤ ਅਧਿਕਾਰੀ ਨੇ 37 ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਸਾਰੇ ਮਾਮਲੇ ਨਿਊ ਬਰੰਜ਼ਵਿਕ ਵਿਚ ਹੋਏ ਸੰਕਰਮਣ ਨਾਲ ਜੁੜੇ ਹਨ।
ਪਬਲਿਕ ਹੈਲਥ ਓਨਟਾਰੀਓ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ 11 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 26 ਮਾਮਲੇ ਸੰਭਾਵਿਤ ਹਨ। ਏਜੰਸੀ ਨੇ ਕਿਹਾ ਕਿ ਖਸਰੇ ਦੇ ਇਹ ਤਾਜ਼ਾ ਮਾਮਲੇ ਅਕਤੂਬਰ ਵਿਚ ਸ਼ੁਰੂ ਹੋਏ ਸਨ ਅਤੇ ਹੁਣ ਤੱਕ ਬਿਮਾਰ ਹੋਏ ਲੋਕਾਂ ਵਿਚੋਂ 28 ਬੱਚੇ ਜਾਂ ਨਾਬਾਲਗ ਹਨ।
ਪਬਲਿਕ ਹੈਲਥ ਏਜੰਸੀ ਨੇ ਦੱਸਿਆ ਕਿ ਦੋ ਮਾਮਲਿਆਂ ਨੂੰ ਛੱਡ ਕੇ ਬਾਕੀ ਸਾਰੇ ਮਾਮਲੇ ਉਨ੍ਹਾਂ ਲੋਕਾਂ ਵਿਚ ਸਨ ਜਿਨ੍ਹਾਂ ਨੇ ਟੀਕਾਕਰਨ ਨਹੀਂ ਕਰਵਾਇਆ ਸੀ।
ਪਬਲਿਕ ਹੈਲਥ ਓਨਟਾਰੀਓ ਨੇ ਇੱਕ ਬਿਆਨ ਵਿਚ ਦੱਸਿਆ ਕਿ 2013 ਤੋਂ 2023 ਵਿਚਕਾਰ ਸੂਬਾ ਖਸਰੇ ਨਾਲ ਜੜੇ 101 ਮਾਮਲੇ ਰਿਪੋਰਟ ਕਰ ਚੁੱਕਾ ਹੈ, ਹਾਲਾਂਕਿ ਕਿਸੇ ਵੀ ਸਾਲ ਵਿਚ 22 ਤੋਂ ਜ਼ਿਆਦਾ ਮਾਮਲੇ ਨਹੀਂ ਆਏ।
ਪਿਛਲੇ ਸਾਲ ਇਸ ਵਾਇਰਸ ਦੇ ਸੱਤ ਮਾਮਲੇ ਆਏ ਸਨ, ਇਹ ਵਾਇਰਸ ਬਹੁਤ ਛੂਤਕਾਰੀ ਹੈ। ਇਸ ਦੇ ਲੱਛਣਾਂ ਵਿਚ ਬੁਖਾਰ, ਲਾਲ ਧੱਬੇਦਾਰ ਧੱਫੜ,ਲਾਲ ਪਾਣੀ ਵਾਲੀਆਂ ਅੱਖਾਂ ਅਤੇ ਖੰਘ ਸ਼ਾਮਲ ਹਨ।




