Nov 26, 2025 6:40 PM - Connect Newsroom - Jasmine Singh with files from The Canadian Press

ਚਿਲੀਵੈਕ ਵਿਚ ਬੀਤੀ ਸ਼ਾਮ ਸਾਰਡਿਸ ਖੇਤਰ ਵਿਚ ਇੱਕ ਗੱਡੀ ਦੀ ਟੱਕਰ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ 63 ਸਾਲਾ ਔਰਤ ਵਜੋਂ ਸਾਹਮਣੇ ਆਈ ਹੈ। ਇਹ ਘਟਨਾ ਸ਼ਾਮ ਕੋਈ 4.30 ਵਜੇ ਦੇ ਆਸਪਾਸ ਲੱਕਾਕਕ ਵੇਅ ਨੇੜੇ ਵੇਡਰ ਰੋਡ 'ਤੇ ਵਾਪਰੀ ਸੀ।
ਚਿਲੀਵੈਕ ਆਰ.ਸੀ.ਐਮ.ਪੀ. ਮੁਤਾਬਕ, 63 ਸਾਲਾ ਔਰਤ ਸੈਂਟਰ ਮੀਡੀਅਨ ਤੋਂ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਫਿਰ ਸਾਊਥਬਾਊਂਡ ਲੇਨ ਵਿਚ ਵਾਪਸ ਆ ਗਈ ਜਦੋਂ ਇੱਕ ਪਿਕਅੱਪ ਦੇ ਡਰਾਈਵਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਪੁਲਿਸ ਵਲੋਂ ਬੁੱਧਵਾਰ ਨੂੰ ਜਾਰੀ ਇੱਕ ਰਿਲੀਜ਼ ਵਿਚ ਕਿਹਾ ਗਿਆ ਕਿ ਚਿਲੀਵੈਕ ਫਾਇਰ ਡਿਪਾਰਟਮੈਂਟ ਅਤੇ ਬੀ.ਸੀ. ਐਮਰਜੈਂਸੀ ਹੈਲਥ ਸਰਵਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਪਰ ਔਰਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੇ ਮੌਕੇ 'ਤੇ ਦਮ ਤੋੜ ਦਿੱਤਾ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਡਰਾਈਵਰ ਅਤੇ ਗਵਾਹ ਮੌਕੇ 'ਤੇ ਰੁਕ ਗਏ ਸਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਤੇਜ਼ ਰਫ਼ਤਾਰ, ਸ਼ਰਾਬ ਜਾਂ ਡਰਾਈਵਰ ਦੀ ਅਣਗਹਿਲੀ ਟੱਕਰ ਦਾ ਕਾਰਨ ਸਨ। ਇਸ ਮਾਮਲੇ ਦੀ ਜਾਂਚ ਏਕੀਕ੍ਰਿਤ ਟੱਕਰ ਵਿਸ਼ਲੇਸ਼ਣ ਅਤੇ ਪੁਨਰ ਨਿਰਮਾਣ ਸੇਵਾ ਅਤੇ ਬੀ.ਸੀ. ਕੋਰੋਨਰ ਸਰਵਿਸ ਵਲੋਂ ਕੀਤੀ ਜਾ ਰਹੀ ਹੈ।




