Mar 25, 2025 5:47 PM - Connect Newsroom

ਕੈਨੇਡਾ ਦੀ ਖੁਫੀਆ ਏਜੰਸੀ ਦੇ ਸੂਤਰਾਂ ਦੇ ਹਵਾਲਾਂ ਨਾਲ ਸਾਹਮਣੇ ਆਈ ਇੱਕ ਰਿਪੋਰਟ ਮਗਰੋਂ ਪੌਲੀਐਵ ਆਪਣੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਲਿਬਰਲ ਲੀਡਰ ਮਾਰਕ ਕਾਰਨੀ ਨੇ ਕੰਜ਼ਰਵੇਟਿਵ ਪਾਰਟੀ ਦੀ 2022 ਦੀ ਲੀਡਰਸ਼ਿਪ ਦੌੜ ਦੀ ਇਮਾਨਦਾਰੀ 'ਤੇ ਸਵਾਲ ਉਠਾਏ ਹਨ, ਜਿਸ ਵਿਚ ਪੌਲੀਐਵ ਨੂੰ ਪਾਰਟੀ ਦਾ ਲੀਡਰ ਚੁਣਿਆ ਗਿਆ ਸੀ।
ਗਲੋਬ ਐਂਡ ਮੇਲ ਨੇ ਆਪਣੀ ਰਿਪੋਰਟ ਵਿਚ ਕੈਨੇਡੀਅਨ ਇੰਟੈਲੀਜੈਂਸ ਸਰਵਿਸ ਦੇ ਸੂਤਰਾਂ ਦਾ ਹਵਾਲਾ ਦਿੰਦੇ ਦਾਅਵਾ ਕੀਤਾ ਹੈ ਕਿ ਪੌਲੀਐਵ ਨੂੰ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਚੋਣ ਜਿਤਾਉਣ ਵਿਚ ਭਾਰਤ ਨੇ ਦਖ਼ਲ ਦਿੱਤਾ ਸੀ। ਇਸ ਲਈ ਭਾਰਤੀ ਏਜੰਟਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਵਿਚ ਪੌਲੀਐਵ ਲਈ ਫੰਡ ਅਤੇ ਸਮਰਥਨ ਜੁਟਾਇਆ ਸੀ।
ਹਾਲਾਂਕਿ, ਰਿਪੋਰਟ ਵਿਚ ਇਹ ਵੀ ਸਫਾਈ ਦਿੱਤੀ ਗਈ ਹੈ ਕਿ ਸੀ.ਐਸ.ਆਈ.ਐਸ. ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਪੌਲੀਐਵ ਜਾਂ ਉਨ੍ਹਾਂ ਦੇ ਨਜ਼ਦੀਕੀ ਮੈਂਬਰ ਭਾਰਤੀ ਏਜੰਟ ਅਤੇ ਉਨ੍ਹਾਂ ਦੇ ਪ੍ਰੌਕਸੀਜ਼ ਦੀਆਂ ਕਥਿਤ ਕਾਰਵਾਈਆਂ ਤੋਂ ਜਾਣੂ ਸਨ।
ਸੀ.ਐਸ.ਆਈ.ਐਸ. ਨੇ ਇਹ ਜਾਣਕਾਰੀ ਕੰਜ਼ਰਵੇਟਿਵ ਲੀਡਰ ਨਾਲ ਸਾਂਝੀ ਨਹੀਂ ਕੀਤੀ ਕਿਉਂਕਿ ਪੌਲੀਐਵ ਨੇ ਇਸ ਸਬੰਧੀ ਸੁਰੱਖਿਆ ਪ੍ਰਵਾਨਗੀ ਨਹੀਂ ਲਈ ਹੈ। ਕਾਰਨੀ ਨੇ ਕਿਹਾ ਕਿ ਕੈਨੇਡਾ ਜਦੋਂ ਇੰਨੇ ਸਾਰੇ ਖ਼ਤਰਿਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਪੌਲੀਐਵ ਦਾ ਅਜਿਹੇ ਸਮੇਂ ਵਿਚ ਸੁਰੱਖਿਆ ਪ੍ਰਵਾਨਗੀ ਨਾ ਲੈਣਾ ਹੈਰਾਨ ਕਰਨ ਵਾਲਾ ਹੈ।




