Feb 14, 2024 4:28 PM - The Connect News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ.ਏ.ਈ. ਦੇ ਦੋ ਦਿਨਾਂ ਦੌਰੇ ’ਤੇ ਹਨ। ਇੱਥੇ ਆਬੂ ਧਾਬੀ ਵਿਚ ਉਨ੍ਹਾਂ ਨੇ ਬੁੱਧਵਾਰ ਨੂੰ 27 ਏਕੜ ਵਿਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ ਅਤੇ ਪੂਜਾ ਅਰਚਨਾ ਕੀਤੀ।
ਦੁਬਈ-ਆਬੂ ਧਾਬੀ ਸ਼ੇਖ ਜ਼ਾਇਦ ਹਾਈਵੇਅ ’ਤੇ ਬਣਾਏ ਗਏ ਇਸ ਮੰਦਰ ਵਿਚ ਤਾਪਮਾਨ ਮਾਪਣ ਅਤੇ ਭੂਚਾਲ ਦੀ ਗਤੀਵਿਧੀ ਦੀ ਨਿਗਰਾਨੀ ਕਰਨ ਲਈ 300 ਤੋਂ ਵੱਧ ਉੱਚ ਤਕਨੀਕੀ ਸੈਂਸਰ ਲਗਾਏ ਗਏ ਹਨ।
ਮੰਦਰ ਦੇ ਨਿਰਮਾਣ ’ਤੇ 700 ਕਰੋੜ ਰੁਪਏ ਖਰਚ ਕੀਤੇ ਗਏ। ਇਸ ਮੰਦਰ ਲਈ ਜ਼ਮੀਨ ਇੱਕ ਮੁਸਲਮਾਨ ਰਾਜੇ ਨੇ ਦਾਨ ਕੀਤੀ ਸੀ। ਇਸ ਮੰਦਰ ਦਾ ਮੁੱਖ ਆਰਕੀਟੈਕਟ ਇੱਕ ਕੈਥੋਲਿਕ ਈਸਾਈ ਹੈ, ਪ੍ਰੋਜੈਕਟ ਮੈਨੇਜਰ ਇੱਕ ਸਿੱਖ ਅਤੇ ਫਾਊਂਡੇਸ਼ਨਲ ਡਿਜ਼ਾਈਨਰ ਇੱਕ ਬੋਧੀ ਹੈ, ਕੰਸਟਰਕਸ਼ਨ ਕੰਪਨੀ ਇੱਕ ਪਾਰਸੀ ਗਰੁੱਪ ਸੀ ਅਤੇ ਡਾਇਰੈਕਟਰ ਜੈਨ ਧਰਮ ਨਾਲ ਸਬੰਧਤ ਹੈ।
ਮੋਦੀ 13 ਜਨਵਰੀ ਨੂੰ ਆਬੂ ਧਾਬੀ ਪਹੁੰਚੇ ਸਨ। ਉਨ੍ਹਾਂ ਦੇ ਇਸ ਦੌਰੇ ਦੌਰਾਨ ਯੂ.ਏ.ਈ. ਦੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਭਾਰਤੀ ਵਰਕਰ ਲਈ ਹਸਪਤਾਲ ਦੇ ਨਿਰਮਾਣ ਲਈ ਵੀ ਦੁਬਈ ਵਿਚ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ।




