Sep 28, 2026 1:33 PM - Connect Newsroom - Ramandeep Kaur with files from The Canadian Press

ਕਿਊਬੈਕ ਵਿਚ ਸ਼ਨੀਵਾਰ ਨੂੰ ਇੱਕ ਨਿੱਜੀ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਘਟਨਾ ਵਾਪਰੀ, ਜਿਸ ਵਿਚ ਇੱਕ ਪਾਇਲਟ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮਾਂਟਰੀਅਲ ਤੋਂ ਲਗਭਗ 50 ਕਿਲੋਮੀਟਰ ਦੂਰ ਇੱਕ ਇਲਾਕੇ ਵਿਚ ਵਾਪਰਿਆ, ਜਿੱਥੇ ਉਡਾਣ ਭਰਨ ਤੋਂ ਤੁਰੰਤ ਬਾਅਦ ਹੈਲੀਕਾਪਟਰ ਇੱਕ ਖੇਤ ਵਿਚ ਡਿੱਗ ਪਿਆ ਅਤੇ ਉਸ ਨੂੰ ਅੱਗ ਲੱਗ ਗਈ।
ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਟੀਮਾਂ ਅਤੇ ਪੁਲਿਸ ਨੇ ਚਾਰਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੀੜਤਾਂ ਦੀ ਪਛਾਣ ਕਰਦਿਆਂ ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿਚ ਜਾਨ ਗਵਾਉਣ ਵਾਲਿਆਂ ਵਿਚ 50 ਸਾਲਾ ਪਾਇਲਟ Suzanne Jutras ਅਤੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਸ਼ਾਮਲ ਸਨ।
ਇਹ ਪਰਿਵਾਰਕ ਮੈਂਬਰ ਇੱਕ ਜਨਮਦਿਨ ਦੀ ਖੁਸ਼ੀ ਵਿਚ ਹੈਲੀਕਾਪਟਰ ਦੀ ਸੈਰ ਕਰਨ ਨਿਕਲੇ ਸਨ ਪਰ ਇਹ ਖੁਸ਼ੀ ਤ੍ਰਾਸਦੀ ਵਿਚ ਬਦਲ ਗਈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕਿਊਬੈਕ ਪੁਲਿਸ ਅਤੇ ਕੈਨੇਡਾ ਦਾ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਮਿਲ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।




