Jun 7, 2022 4:09 PM - ANI

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਬੁੱਧਵਾਰ ਨੂੰ ਪ੍ਰਮੁੱਖ ਵਿਆਜ ਦਰਾਂ ਵਿਚ ਵਾਧਾ ਕਰਨ ਦਾ ਐਲਾਨ ਕਰ ਸਕਦਾ ਹੈ। ਰੇਪੋ ਰੇਟ ਨੂੰ 40 ਬੇਸਿਸ ਪੁਆਇੰਟਸ ਵਧਾ ਕੇ 4.80 ਫ਼ੀਸਦੀ ਕੀਤਾ ਜਾ ਸਕਦਾ ਹੈ। ਬਾਜ਼ਾਰ ਮਹਾਰਾਂ ਤੇ ਅਰਥਸ਼ਾਸਤਰੀਆਂ ਨੇ ਇਹ ਸੰਭਾਵਨਾ ਜਤਾਈ ਹੈ।
ਮਾਹਰਾਂ ਮੁਤਾਬਕ, ਮੌਜੂਦਾ ਵਿੱਤੀ ਸਾਲ ਲਈ ਮਹਿੰਗਾਈ ਨੂੰ ਲੈ ਕੇ ਵੀ ਅਨੁਮਾਨ 6 ਫ਼ੀਸਦੀ ਕੀਤਾ ਜਾ ਸਕਦਾ ਹੈ, ਜੋ ਪਹਿਲਾਂ 5.7 ਫ਼ੀਸਦੀ ਰਹਿਣ ਦੀ ਉਮੀਦ ਜਤਾਈ ਗਈ ਸੀ।
ਪਿਛਲੇ ਕਈ ਮਹੀਨਿਆਂ ਤੋਂ ਮਹਿੰਗਾਈ ਦਰ ਆਰ. ਬੀ. ਆਈ. ਦੇ ਮਿੱਥੇ ਕੰਟਰੋਲ ਟੀਚੇ ਤੋਂ ਬਾਹਰ ਰਹੀ ਹੈ, ਜਿਸ ਕਾਰਨ ਭਾਰਤੀ ਰਿਜ਼ਰਵ ਬੈਂਕ ਦੀ 6 ਮੈਂਬਰੀ ਮਾਨਿਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਵੱਲੋਂ ਪ੍ਰਮੁੱਖ ਵਿਆਜ ਦਰਾਂ ਵਿਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪਿਛਲੇ ਮਹੀਨੇ ਰਿਜ਼ਰਵ ਬੈਂਕ ਨੇ ਬਿਨਾਂ ਮੀਟਿੰਗ ਦੇ ਆਪਣੀ ਮਾਨਿਟਰੀ ਪਾਲਿਸੀ ਸਮੀਖਿਆ ਵਿਚ ਰੇਪੋ ਰੇਟ ਵਿਚ 40 ਬੇਸਿਸ ਪੁਆਇੰਟਸ ਯਾਨੀ 0.40 ਫ਼ੀਸਦੀ ਵਾਧਾ ਕਰਦੇ ਹੋਏ ਇਸ ਨੂੰ 4.4 ਫ਼ੀਸਦੀ ਕਰ ਦਿੱਤਾ ਸੀ। ਇਹ ਰੇਪੋ ਰੇਟ ਵਿਚ ਲਗਭਗ ਦੋ ਸਾਲਾਂ ਵਿਚ ਪਹਿਲਾਂ ਵਾਧਾ ਸੀ। ਰੇਪੋ ਰੇਟ ਉਹ ਵਿਆਜ ਦਰ ਹੈ ਜਿਸ 'ਤੇ ਆਰ. ਬੀ. ਆਈ. ਬੈਂਕਾਂ ਨੂੰ ਥੋੜ੍ਹੇ ਸਮੇਂ ਦੀ ਜ਼ਰੂਰਤ ਲਈ ਫੰਡ ਉਧਾਰ ਦਿੰਦਾ ਹੈ।




