Oct 24, 2025 2:27 PM - Connect Newsroom

ਐਲਬਰਟਾ ਦੇ ਸਿੱਖਿਆ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਲਈ ਕੈਲਗਰੀ ਦੀ ਇਕ ਔਰਤ ਨੇ ਪਟੀਸ਼ਨ ਐਪਲੀਕੇਸ਼ਨ ਜਾਰੀ ਕੀਤੀ ਹੈ, ਜਿਸ ਨੂੰ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੇ ਹਰੀ ਝੰਡੀ ਦੇ ਦਿਤੀ ਹੈ। ਇਸ ਪਟੀਸ਼ਨ ਲਈ 16,000 ਦਸਤਖਤ ਦੀ ਜ਼ਰੂਰਤ ਹੋਵੇਗੀ। ਐਜੂਕੇਸ਼ਨ ਮੰਤਰੀ ਡੇਮੇਟ੍ਰੀਓਸ ਨਿਕੋਲਾਈਡਜ਼ ਕੈਲਗਰੀ-ਬੋਅ ਚੋਣ ਹਲਕੇ ਦਾ ਪ੍ਰਤੀਨਿਧ ਕਰਦੇ ਹਨ।
ਜੈਨੀਫ਼ਰ ਯੇਰੇਮੀ ਨੇ ਅਰਜ਼ੀ ਵਿਚ ਲਿਖਿਆ ਕਿ ਨਿਕੋਲਾਈਡਜ਼ ਪਬਲਿਕ ਐਜੂਕੇਸ਼ਨ ਸਿਸਟਮ ਨੂੰ ਸੰਭਾਲਣ ਵਿਚ ਅਸਫਲ ਰਹੇ ਹਨ। ਉਨ੍ਹਾਂ ਦੀ ਸਰਕਾਰ ਨੇ ਕਲਾਸਰੂਮਜ਼ ਵਿਚ ਵੱਧ ਰਹੀ ਵਿਦਿਆਰਥੀਆਂ ਦੀ ਗਿਣਤੀ ਨੂੰ ਮੈਨੇਜ ਕਰਨ ਅਤੇ ਅਧਿਆਪਕਾਂ ਦਾ ਬੋਝ ਘਟਾਉਣ ਲਈ ਖਾਸ ਪ੍ਰਬੰਧ ਨਹੀਂ ਕੀਤਾ। ਇਸੇ ਲਈ ਸੂਬੇ ਭਰ ਦੇ ਟੀਚਰਜ਼ ਹੜਤਾਲ ਕਰ ਰਹੇ ਹਨ।
ਓਧਰ ਨਿਕੋਲਾਈਡਜ਼ ਦਾ ਕਹਿਣਾ ਹੈ ਕਿ ਉਨ੍ਹਾਂ ਖਿਲਾਫ ਗਲਤ ਤਰੀਕੇ ਨਾਲ ਰੀਕਾਲ ਪ੍ਰਕਿਰਿਆ ਦੀ ਵਰਤੋਂ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਬਿਨੈਕਾਰ ਕੋਲ ਮੰਤਰੀ ਦੀ ਰਾਈਡਿੰਗ ਦੇ ਵੋਟਰਜ਼ ਦੇ 60 ਫੀਸਦੀ ਜਾਂ 16,000 ਦਸਤਖਤ ਲੈਣ ਲਈ ਤਿੰਨ ਮਹੀਨਿਆਂ ਦਾ ਸਮਾਂ ਹੈ। ਗੌਰਤਲਬ ਹੈ ਕਿ ਸੂਬੇ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸਪੱਸ਼ਟ ਕੀਤਾ ਹੈ ਕਿ ਉਹ ਟੀਚਰਜ਼ ਦੀ ਹੜਤਾਲ ਰੋਕਣ ਲਈ ਬੈਕ-ਟੂ-ਵਰਕ ਕਾਨੂੰਨ ਲਿਆਉਣਗੇ।




