Nov 27, 2025 6:18 PM - Connect Newsroom - Ramandeep Kaur

ਬੀ. ਸੀ. ਵਿਚ ਗਰੈਂਡਪੇਰੇਂਟਸ ਸਕੈਮ ਮੁੜ ਸਰਗਰਮ ਹੋ ਗਏ ਹਨ ਅਤੇ ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹਨ। ਰਿਚਮੰਡ ਵਿਚ ਇਸ ਮਾਮਲੇ ਵਿਚ ਇੱਕ ਪੀੜਤ ਨੂੰ ਹਜ਼ਾਰਾਂ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਰਿਪੋਰਟਾਂ ਵਿਚ ਵਾਧੇ ਤੋਂ ਬਾਅਦ ਰਿਚਮੰਡ ਆਰ.ਸੀ.ਐਮ.ਪੀ. ਵਲੋਂ ਜਨਤਾ ਨੂੰ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।
ਪੁਲਿਸ ਨੇ ਕਿਹਾ ਕਿ ਸਕੈਮਰਜ਼ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਕੋਈ ਵੀ ਇਨ੍ਹਾਂ ਦਾ ਸ਼ਿਕਾਰ ਹੋ ਸਕਦਾ ਹੈ। ਇਹ ਸਕੈਮ ਕਈ ਰੂਪਾਂ ਵਿਚ ਸਾਹਮਣੇ ਆ ਸਕਦੇ ਹਨ ਪਰ ਇਹ ਸਾਰੇ ਇੱਕੋ ਜਿਹੇ ਫਾਰਮੂਲੇ ਦੀ ਪਾਲਣਾ ਕਰਦੇ ਹਨ। ਸ਼ੱਕੀ ਵਿਅਕਤੀ ਪੀੜਤ ਨੂੰ ਇਹ ਯਕੀਨ ਦਿਵਾਉਣ ਲਈ ਬਹੁਤ ਜ਼ਿਆਦਾ ਦਬਾਅ ਪਾਉਂਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਮੁਸੀਬਤ ਵਿਚ ਹੈ।
ਪੁਲਿਸ ਨੇ ਕਿਹਾ ਕਿ ਇੱਕ ਤਾਜ਼ਾ ਮਾਮਲੇ ਵਿਚ ਸਕੈਮਰ ਨੇ ਫੋਰਨ ਅੰਬੈਸੀ ਦਾ ਅਧਿਕਾਰੀ ਹੋਣ ਦਾ ਦਾਅਵਾ ਕਰਦਿਆਂ ਇੱਕ ਪੀੜਤ ਨੂੰ ਫ਼ੋਨ ਕੀਤਾ ਕਿ ਉਸ ਦਾ ਪੋਤਾ ਕਸਟਡੀ ਵਿਚ ਹੈ ਅਤੇ ਤੁਰੰਤ ਜ਼ਮਾਨਤ ਦੀ ਰਕਮ ਦੀ ਡਿਮਾਂਡ ਕੀਤੀ। ਸਕੈਮਰ ਨੇ ਫਿਰ ਪੀੜਤ ਨੂੰ ਕਿਹਾ ਕਿ ਉਹ ਕੈਸ਼ ਇੱਕ ਟੈਕਸੀ ਜਾਂ ਕੋਰੀਅਰ ਡਰਾਈਵਰ ਨੂੰ ਸੌਂਪ ਦੇਵੇ ਜੋ ਉਨ੍ਹਾਂ ਦੇ ਘਰ ਆਵੇਗਾ।
ਇਸ ਮਾਮਲੇ ਵਿਚ ਪੀੜਤ ਨੇ ਇਹ ਪਤਾ ਲੱਗਣ ਤੋਂ ਪਹਿਲਾਂ ਕਿ ਇਹ ਇੱਕ ਸਕੈਮ ਸੀ, $37,000 ਤੋਂ ਵੱਧ ਕੈਸ਼ ਸੌਂਪ ਦਿੱਤਾ। ਪੁਲਿਸ ਨੇ ਕਿਹਾ ਕਿ ਜੇ ਤੁਹਾਨੂੰ ਅਜਿਹਾ ਕੋਈ ਫ਼ੋਨ ਆਉਂਦਾ ਹੈ ਤਾਂ ਉਸ ਨੂੰ ਕੱਟ ਦਿਓ ਅਤੇ ਆਪਣੇ ਪਰਿਵਾਰਕ ਮੈਂਬਰ ਨਾਲ ਉਸ ਨੰਬਰ 'ਤੇ ਸਿੱਧਾ ਸੰਪਰਕ ਕਰੋ ਜੋ ਨੰਬਰ ਤੁਹਾਡੇ ਕੋਲ ਹੈ।




