Jun 17, 2024 6:56 PM - The Canadian Press

ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਵਿਚ ਪੁਲਿਸ ਅਤੇ ਰੈਸਕਿਊ ਏਜੰਸੀਆਂ ਵਲੋਂ 37 ਸਾਲਾ ਇਕ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਜੋ ਕਿਸ਼ਤੀ ਚਲਾਉਂਦੇ ਸਮੇਂ ਲਾਪਤਾ ਹੋ ਗਿਆ ਸੀ। ਪੁਲਿਸ ਨੂੰ ਸ਼ੁੱਕਰਵਾਰ ਸ਼ਾਮ ਮਿਸ਼ਨ ਤੋਂ ਲਗਭਗ 14 ਕਿਲੋ ਮੀਟਰ ਦੂਰ ਨਿਕੋਮਨ ਸਲੋਅ ਵੱਲ ਬੁਲਾਇਆ ਗਿਆ ਸੀ ।
ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕਿਸ਼ਤੀ ਵਿਚ ਹਾਦਸਾ ਵਾਪਰਨ ਕਾਰਨ ਦੋ ਵਿਅਕਤੀ ਪਾਣੀ ਵਿਚ ਡਿੱਗ ਗਏ ਹਨ। ਪੁਲਿਸ ਮੁਤਾਬਕ ਉਹ ਐਲੂਮੀਨੀਅਮ ਦੀ ਛੋਟੀ ਕਿਸ਼ਤੀ ਵਿਚ ਸਵਾਰ ਸਨ ਅਤੇ ਕਿਸ਼ਤੀ ਉਲਟ ਗਈ।
ਪੁਲਿਸ ਨੂੰ ਇਸ ਵਿਚ ਸਵਾਰ ਇਕ ਵਿਅਕਤੀ ਮਿਲ ਗਿਆ ਪਰ ਡਿਊਡਨੀ ਵਿਚ ਰਹਿਣ ਵਾਲੇ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਮਿਸ਼ਨ ਦੀ ਰੈਸਕਿਊ ਟੀਮ, ਕੇਂਦਰੀ ਫਰੇਜ਼ਰ ਵੈਲੀ ਅਤੇ ਸਾਊਥ ਫਰੇਜ਼ਰ ਵਲੋਂ ਭਾਲ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਵਿਅਕਤੀ ਜਿਊਂਦਾ ਬਚਿਆ ਹੋਵੇਗਾ।
ਪੁਲਿਸ ਮੁਤਾਬਕ ਉਸ ਨੇ ਲਾਈਫ ਜੈਕਟ ਨਹੀਂ ਪਾਈ ਸੀ ਅਤੇ ਹੋ ਸਕਦਾ ਹੈ ਕਿ ਸ਼ਰਾਬ ਪੀਤੀ ਹੋਵੇ।




