Aug 30, 2022 3:10 PM - ANI

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਸੀ. ਬੀ. ਆਈ. ਵੱਲੋਂ ਉਨ੍ਹਾਂ ਦੇ ਬੈਂਕ ਦੇ ਲਾਕਰ ਦੀ ਕੀਤੀ ਗਈ ਤਲਾਸ਼ੀ ਵਿਚ ਕੁਝ ਨਹੀਂ ਮਿਲਿਆ ਅਤੇ ਉਹ ਖੁਸ਼ ਹਨ ਕਿ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ ਹੈ।
ਸੀ. ਬੀ. ਆਈ. ਵੱਲੋਂ ਮੰਗਲਵਾਰ ਨੂੰ ਉਨ੍ਹਾਂ ਦੇ ਗਾਜ਼ੀਆਬਾਦ ਵਿਚ ਬੈਂਕ ਲਾਕਰ ਦੀ ਤਲਾਸ਼ੀ ਲਏ ਜਾਣ ਮਗਰੋਂ ਉਨ੍ਹਾਂ ਕਿਹਾ ਕਿ "ਸੱਚ ਦੀ ਜਿੱਤ" ਹੋਈ ਹੈ।
ਸੀ. ਬੀ. ਆਈ. ਨੇ ਅੱਜ ਸਿਸੋਦੀਆ ਦੇ ਪੰਜਾਬ ਨੈਸ਼ਨਲ ਬੈਂਕ ਦੇ ਲਾਕਰ ਦੀ ਤਲਾਸ਼ੀ ਲਈ ਸੀ।
ਉਨ੍ਹਾਂ ਕਿਹਾ, "ਜਿੱਦਾਂ ਸੀ. ਬੀ. ਆਈ. ਦੇ ਛਾਪੇ ਦੌਰਾਨ ਮੇਰੇ ਘਰ ਵਿਚੋਂ ਕੁਝ ਨਹੀਂ ਮਿਲਿਆ, ਉਦਾਂ ਹੀ ਅੱਜ ਮੇਰੇ ਬੈਂਕ ਲਾਕਰ ਵਿਚੋਂ ਵੀ ਕੁਝ ਨਹੀਂ ਮਿਲਿਆ। ਮੈਨੂੰ ਖੁਸ਼ੀ ਹੈ ਕਿ ਮੈਨੂੰ ਕਲੀਨ ਚਿੱਟ ਮਿਲ ਗਈ ਹੈ ਅਤੇ ਅੱਜ ਮੇਰੇ ਰੱਬ ਵਿਚ ਵਿਸ਼ਵਾਸ ਅਤੇ ਸੱਚ ਦੀ ਜਿੱਤ ਹੋਈ ਹੈ।"
ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਕਿਹਾ ਕਿ ਉਨ੍ਹਾਂ ਖਿਲਾਫ ਕੁਝ ਲੱਭਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਹਨ ਅਤੇ ਉਹ ਪੂਰੀ ਤਰ੍ਹਾਂ ਸਾਫ ਪਾਏ ਗਏ ਹਨ।




