Jun 18, 2021 1:00 AM -

ਕੈਮਲੂਪਸ ਦੇ ਵਿੱਚ ਇੱਕ ਪਰਿਵਾਰ ਉਸ ਵੇਲੇ ਘਰ 'ਚ ਬ੍ਰੇਕ ਐਂਡ ਐਂਟਰ ਦੀ ਘਟਨਾ ਦਾ ਸ਼ਿਕਾਰ ਬਣ ਗਿਆ ਜਦ ਉਹ ਘਰ ਵਿੱਚ ਹੀ ਸੁੱਤੇ ਹੋਏ ਸਨ।
ਮਾਮਲੇ ਬਾਰੇ 12 ਜੂਨ ਦੀ ਸਵੇਰ ਪੁਲਿਸ ਨੇ ਸੂਚਨਾ ਦਿੱਤੀ ਗਈ ਸੀ।
ਘਰ ਦੇ ਮਾਲਿਕ ਦਾ ਕਹਿਣਾ ਸੀ ਕਿ ਜਦ ਉਨ੍ਹਾਂ ਦਾ ਪਰਿਵਾਰ ਸੁੱਤਾ ਹੋਇਆ ਸੀ ਤਾਂ ਇੱਕ ਸ਼ੱਕੀ ਬੇਸਮੈਂਟ ਦੇ ਦਰਵਾਜ਼ੇ ਰਾਹੀਂ ਘਰ 'ਚ ਦਾਖਿਲ ਹੋ ਗਿਆ ਅਤੇ ਕਈ ਕੀਮਤੀ ਚੀਜ਼ਾਂ ਚੁੱਕ ਲਈਆਂ।
ਇਸ ਤੋਂ ਬਾਅਦ ਉਹ ਗੱਡੀ ਦੀਆਂ ਚਾਬੀਆਂ ਚੁੱਕ ਗੱਡੀ ਚੋਰੀ ਕਰ ਫਰਾਰ ਹੋ ਗਿਆ।
ਖਾਸ ਗੱਲ ਇਹ ਸੀ ਕਿ ਉਸ ਨੇ ਰੈਫ੍ਰਿਜਰੇਟਰ ਖੋਲ ਕੇ ਖਾਣਾ ਵੀ ਖਾਇਆ ਸੀ।
ਕੁਝ ਹੀ ਘੰਟੇ ਬਾਅਦ ਇਸੇ ਦਿਨ ਪੁਲਿਸ ਨੂੰ ਦੁਪਹਿਰ ਕਰੀਬ 1 ਵਜੇ ਇੱਕ ਸ਼ੱਕੀ ਵਾਹਨ ਦੀ ਰਿਪੋਰਟ ਮਿਲੀ ਜਿਸ 'ਚ 2 ਲੋਕ ਸੁੱਤੇ ਹੋਏ ਸਨ।
ਪੁਲਿਸ ਨੇ ਮੌਕੇ ਤਕ ਪਹੁੰਚ ਕੀਤੀ ਤਾਂ ਉਹ ਚੋਰੀ ਹੋਇਆ ਵਾਹਨ ਹੀ ਸੀ ਅਤੇ ਅੰਦਰ 2 ਅਜਿਹੇ ਲੋਕ ਬੇਸੁੱਧ ਸਨ ਜੋ ਡਰੱਗਸ ਦਾ ਸੇਵਨ ਕਰ ਕੇ ਬੈਠੇ ਸਨ।
ਇਹਨਾਂ ਨੂੰ ਮੈਡਿਕਲ ਮਦਦ ਪ੍ਰਦਾਨ ਕੀਤੀ ਗਈ।
ਇਸ ਮਾਮਲੇ 'ਚ ਇੱਕ 55 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਸ ਦੇ ਬਾਰੇ ਪੁਲਿਸ ਨੂੰ ਪਹਿਲਾਂ ਤੋਂ ਜਾਣਕਾਰੀ ਸੀ।
ਪੁਲਿਸ ਨੇ ਲੋਕਾਂ ਨੂੰ ਜ਼ੋਰ ਦਿੱਤਾ ਹੈ ਕਿ ਸੌਣ ਤੋਂ ਪਹਿਲਾਂ ਆਪਣੇ ਘਰਾਂ ਦੇ ਦਰਵਾਜ਼ੇ ਖਿੜਕੀਆਂ ਬੰਦ ਕਰਨੇ ਨਾ ਭੁੱਲਣ।




