Mar 13, 2024 3:21 PM - The Connect News

ਕੈਨੇਡਾ ਵਿਚ ਖਸਰੇ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਕਿਊਬੈਕ ਵਿਚ ਇਸ ਦੇ ਮਾਮਲੇ 18 ਹੋ ਗਏ ਹਨ ਅਤੇ ਸੂਬਾ ਸਰਕਾਰ ਨੇ ਇਸ ਸਬੰਧ ਵਿਚ ਸਕੂਲਾਂ ਅਤੇ ਸਰਵਿਸ ਸੈਂਟਰਾਂ ਨੂੰ ਅਲਰਟ ਕੀਤਾ ਹੈ।
ਸਿਹਤ ਅਧਿਕਾਰੀ ਨੇ ਲੋਕਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਦੇ ਪੂਰੀਆਂ ਡੋਜ਼ ਨਹੀਂ ਲੱਗੀਆਂ ਹਨ ਉਹ ਜਿੰਨੀ ਜਲਦ ਹੋ ਸਕੇ ਆਪਣਾ ਵੈਕਸੀਨੇਸ਼ਨ ਕਰਵਾ ਲੈਣ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਜੇ ਕੋਈ ਖਸਰੇ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਬੱਚੇ ਨੂੰ ਘਰ ਵਿਚ ਆਈਸੋਲੇਟ ਹੋਣ ਦੀ ਸਲਾਹ ਦਿੱਤੀ ਜਾਵੇ। ਸਕੂਲਾਂ ਨੇ ਇਸ ਸਬੰਧ ਵਿਚ ਮਾਪਿਆਂ ਨੂੰ ਪੱਤਰ ਭੇਜੇ ਹਨ, ਜਿਸ ਵਿਚ ਉਨ੍ਹਾਂ ਨੂੰ ਆਪਣੇ ਬੱਚੇ ਦਾ ਵੈਕਸੀਨੇਸ਼ਨ ਰਿਕਾਰਡ ਚੈੱਕ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਚੱਲ ਸਕੇ ਕਿ ਉਨ੍ਹਾਂ ਦਾ ਬੱਚਾ ਇਸ ਤੋਂ ਸੁਰੱਖਿਅਤ ਹੈ ਜਾਂ ਨਹੀਂ।
ਇਸ ਦੇ ਨਾਲ ਹੀ ਸਿਹਤ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ 1970 ਤੋਂ ਬਾਅਦ ਪੈਦਾ ਹੋਇਆ ਕੋਈ ਵੀ ਵਿਅਕਤੀ ਜਿਸ ਦਾ ਕਦੇ ਵੀ ਖਸਰੇ ਦਾ ਟੀਕਾਕਰਨ ਨਹੀਂ ਹੋਇਆ ਹੈ ਜਾਂ ਜਿਸ ਨੂੰ ਕਦੇ ਵੀ ਇਹ ਬਿਮਾਰੀ ਨਹੀਂ ਹੋਈ ਉਸ ਨੂੰ ਵੀ ਤੁਰੰਤ ਟੀਕਾ ਲਗਵਾ ਲੈਣਾ ਚਾਹੀਦਾ ਹੈ।
ਗੌਰਤਲਬ ਹੈ ਕਿ ਪਿਛਲੀ ਵਾਰ ਓਨਟਾਰੀਓ, ਸਸਕੈਚਵਾਨ ਅਤੇ ਬੀ. ਸੀ. ਵਿਚ ਵੀ ਖਸਰੇ ਦੇ ਮਾਮਲੇ ਸਾਹਮਣੇ ਆਏ ਸਨ। ਵੈਨਕੂਵਰ ਤੱਟੀ ਸਿਹਤ ਖ਼ੇਤਰ ਨੇ ਇੱਕ ਕੇਸ ਦਰਜ ਕੀਤਾ ਸੀ, ਜੋ ਇੰਟਰਨੈਸ਼ਨਲ ਯਾਤਰਾ ਨਾਲ ਸਬੰਧਤ ਸੀ।




