Jan 19, 2024 6:48 PM - The Connect News

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਇਲ ਦੇ ਪੀ. ਐੱਮ. ਬੈਂਜਾਮਿਨ ਨੇਤਨਯਾਹੂ ਵਲੋਂ ਦੋ ਰਾਜੀ ਹੱਲ ਹੋਣ ਦੀ ਸੰਭਾਵਨਾ ਰੱਦ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ।
ਨੇਤਨਯਾਹੂ ਨੇ ਵੀਰਵਾਰ ਨੂੰ ਰਾਸ਼ਟਰੀ ਪੱਧਰ ’ਤੇ ਟੈਲੀਵਿਜ਼ਨ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਇਜ਼ਰਾਇਲ ਅਤੇ ਫਲਸਤੀਨੀ ਦੋ ਵੱਖ-ਵੱਖ ਸਟੇਟ ਹੋਣ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ, ਉਨ੍ਹਾਂ ਕਿਹਾ ਕਿ ਇਹ ਮੁੱਦਾ ਹੀ ਹੁਣ ਖ਼ਤਮ ਹੋ ਚੁੱਕਾ ਹੈ।
ਇਸ ’ਤੇ ਪ੍ਰਤੀਕਰਮ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਨੇਤਨਯਾਹੂ ਦੀ ਟਿੱਪਣੀ ਸੁਣ ਕੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ। ਇਹ ਲੰਮੇ ਸਮੇਂ ਤੋਂ ਉਨ੍ਹਾਂ ਦਾ ਪੱਖ ਰਿਹਾ ਹੈ।
ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਇਸ ਮਾਮਲੇ ਵਿਚ ਸਥਿਤੀ ਬਿਲਕੁਲ ਸਪੱਸ਼ਟ ਹੈ, ਅਸੀਂ ਖੇਤਰ ਵਿਚ ਸ਼ਾਂਤੀ ਲਈ ਅੰਤਰਰਾਸ਼ਟਰੀ ਤੌਰ ’ਤੇ ਮਾਨਤਾ ਪ੍ਰਾਪਤ ਬਾਰਡਰ ਨਾਲ ਫਲਸਤੀਨੀ ਅਤੇ ਇਜ਼ਰਾਇਲ ਦੋ ਸਟੇਟ ਹੋਣ ਦਾ ਸਮਰਥਨ ਕਰਦੇ ਹਾਂ। ਅਮਰੀਕਾ ਵੀ ਦੋ ਸਟੇਟ ਹੋਣ ਦੇ ਪੱਖ ਵਿਚ ਹੈ, ਜਿਸ ਨੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ।
ਰਾਸ਼ਟਰਪਤੀ ਬਾਈਡੇਨ ਦਾ ਕਹਿਣਾ ਸੀ ਕਿ ਅਮਰੀਕਾ ਅਤੇ ਇਜ਼ਰਾਇਲ ਦੋ ਸਟੇਟ ਹੋਣ ਲਈ ਮਿਲ ਕੇ ਕੰਮ ਕਰ ਰਹੇ ਹਨ ਪਰ ਨੇਤਨਯਾਹੂ ਦੀ ਤਾਜ਼ਾ ਟਿੱਪਣੀ ਬਾਈਡਨ ਨੂੰ ਨਿਰਾਸ਼ ਕਰਨ ਵਾਲੀ ਹੈ।




