Dec 20, 2024 6:49 PM - Connect Newsroom

ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਵਿਚ ਫੇਰਬਦਲ ਕਰਦੇ ਹੋਏ 8 ਨਵੇਂ ਐੱਮ.ਪੀ. ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਹੈ ਅਤੇ ਮੌਜੂਦਾ 4 ਮਿਨਿਸਟਰਸ ਦੇ ਪੋਰਟਫੋਲੀਓ ਵਿਚ ਹਲਕੀ ਤਬਦੀਲੀ ਕੀਤੀ ਗਈ ਹੈ। ਮੰਤਰੀ ਮੰਡਲ ਵਿਚ ਇਹ ਫੇਰਬਦਲ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਹੋਇਆ ਹੈ।
ਸ਼ੁੱਕਰਵਾਰ ਨੂੰ ਰਾਈਡਿਊ ਹਾਲ ਵਿਖੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਡੋਮਿਨਿਕ ਲੇਬਲੈਂਕ ਜੋ ਕਿ ਇਸ ਸਮੇਂ ਵਿੱਤ ਮਿਨਿਸਟਰੀ ਵੀ ਦੇਖ ਰਹੇ ਸਨ ਉਨ੍ਹਾਂ ਦੇ ਪਬਲਿਕ ਸੇਫਟੀ ਮੰਤਰਾਲਾ ਦੀ ਜ਼ਿੰਮੇਵਾਰੀ ਹੁਣ ਓਟਾਵਾ-ਖੇਤਰ ਦੇ ਐਮਪੀ ਅਤੇ ਓਨਟਾਰੀਓ ਦੇ ਸਾਬਕਾ ਪ੍ਰੀਮੀਅਰ ਡਾਲਟਨ ਮੈਕਗਿੰਟੀ ਦੇ ਭਰਾ ਡੇਵਿਡ ਮੈਕਗਿੰਟੀ ਨੂੰ ਦਿੱਤੀ ਗਈ ਹੈ।
ਟਰਾਂਸਪੋਰਟ ਮਿਨਿਸਟਰ ਵਜੋਂ ਕੰਮ ਕਰ ਰਹੀ ਅਨੀਤਾ ਆਨੰਦ ਹੁਣ ਅੰਦਰੂਨੀ ਵਪਾਰ ਮੰਤਰਾਲਾ ਵੀ ਦੇਖਣਗੇ। ਉਥੇ ਹੀ, ਕਿਰਤ ਮੰਤਰੀ ਸਟੀਵਨ ਮੈਕਕਿਨਨ ਹੁਣ ਰੁਜ਼ਗਾਰ ਅਤੇ ਕਰਮਚਾਰੀ ਵਿਕਾਸ ਦਾ ਪੋਰਟਫੋਲੀਓ ਵੀ ਸੰਭਾਲਣਗੇ।
ਖਜ਼ਾਨਾ ਬੋਰਡ ਦੀ ਜ਼ਿੰਮੇਵਾਰੀ ਜਿਨੇਟ ਪੇਟੀਪਾਸ ਟੇਲਰ ਨੂੰ ਦਿੱਤੀ ਗਈ ਹੈ, ਪਹਿਲਾਂ ਇਹ ਵਿਭਾਗ ਅਨੀਤਾ ਆਨੰਦ ਕੋਲ ਸੀ। ਇਸ ਵਿਚਕਾਰ ਇਕ ਤਾਜ਼ਾ ਸਰਵੇ ਵਿਚ ਲਿਬਰਲ ਦੀ ਸਪੋਰਟ ਸਤੰਬਰ ਤੋਂ ਪੰਜ ਅੰਕ ਡਿੱਗ ਕੇ 21 ਫੀਸਦੀ ’ਤੇ ਆ ਗਈ ਹੈ। ਹੁਣ ਲਿਬਰਲ ਪਾਰਟੀ ਦਾ ਸਮਰਥਨ ਨਿਊ ਡੈਮੋਕਰੇਟਿਕ ਪਾਰਟੀ ਦੇ ਬਰਾਬਰ ਹੈ।




