Dec 27, 2024 5:44 PM - Connect Newsroom

ਕੈਨੇਡਾ ਨੂੰ ਲੈ ਕੇ ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ’ਤੇ ਕ੍ਰਿਸਮਸ ਸੰਦੇਸ਼ ਪੋਸਟ ਵਿਚ ਗ੍ਰੀਨਲੈਂਡ ਅਤੇ ਪਨਾਮਾ ਨਹਿਰ ਨੂੰ ਵੀ ਨਿਸ਼ਾਨੇ ’ਤੇ ਲਿਆ, ਕੈਨੇਡਾ ਬਾਰੇ ਪੋਸਟ ਵਿਚ ਟਰੰਪ ਨੇ ਕਿਹਾ ਕਿ ਕੈਨੇਡਾ ਵਿਚ ਟੈਕਸ ਬਹੁਤ ਜ਼ਿਆਦਾ ਹਨ ਪਰ ਜੇ ਕੈਨੇਡਾ ਸਾਡਾ 51ਵਾਂ ਸੂਬਾ ਬਣ ਜਾਂਦਾ ਹੈ ਤਾਂ ਉਨ੍ਹਾਂ ਦੇ ਟੈਕਸ ਵਿਚ 60 ਫੀਸਦੀ ਤੋਂ ਵੱਧ ਦੀ ਕਟੌਤੀ ਹੋ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮਜ਼ਾਕ ਉਡਾਇਆ ਅਤੇ ਉਨ੍ਹਾਂ ਨੂੰ ਇੱਕ ਵਾਰ ਫਿਰ ਕੈਨੇਡਾ ਦਾ ਗਵਰਨਰ ਕਿਹਾ। ਟਰੰਪ ਨੇ ਇੱਕ ਹੋਰ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਸਾਬਕਾ ਕੈਨੇਡੀਅਨ ਹਾਕੀ ਸਟਾਰ ਵੇਨ ਗਰੇਟਜ਼ਕੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਲੜਨ ਲਈ ਉਤਸ਼ਾਹਿਤ ਕੀਤਾ ਪਰ ਗਰੇਟਜ਼ਕੀ ਦੀ ਕੋਈ ਦਿਲਚਸਪੀ ਨਹੀਂ ਸੀ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੌਜੂਦਾ ਸਮੇਂ ਘੱਟ ਗਿਣਤੀ ਸਰਕਾਰ ਚਲਾ ਰਹੇ ਹਨ ਜਿਸ ਨੂੰ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ ਅਗਲੇ ਸਾਲ ਭਰੋਸੇ ਦੀ ਵੋਟ ਨਾਲ ਡੇਗਿਆ ਜਾ ਸਕਦਾ ਹੈ।




