Aug 19, 2026 4:30 PM - Connect Newsroom - Ramandeep Kaur

ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿਚ ਔਨਲਾਈਨ ਡੇਟਿੰਗ ਪਲੇਟਫਾਰਮ ਰਾਹੀਂ ਐਕਸਟੋਸ਼ਨ ਦਾ ਨੈੱਟਵਰਕ ਚਲਾਉਣ ਦੇ ਮਾਮਲੇ ਵਿਚ ਇੱਕ ਪੰਜਾਬੀ ਨੌਜਵਾਨ ਸਣੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 35 ਸਾਲਾ ਹਰਵਿੰਦਰ ਸਿੰਘ ਅਤੇ 23 ਸਾਲਾ ਰੀਆ ਵਜੋਂ ਹੋਈ ਹੈ, ਇਨ੍ਹਾਂ 'ਤੇ ਐਕਸਟੋਸ਼ਨ, ਡਕੈਤੀ ਅਤੇ ਜ਼ਬਰਦਸਤੀ ਈ-ਟ੍ਰਾਂਸਫਰ ਕਰਵਾਉਣ ਦੇ ਚਾਰਜਿਜ਼ ਲਗਾਏ ਗਏ ਹਨ।
ਪੀਲ ਪੁਲਿਸ ਮੁਤਾਬਕ, ਜੁਲਾਈ ਵਿਚ ਇੱਕ ਪੀੜਤ ਵਿਅਕਤੀ ਨਾਲ ਮੈਸੇਜਿੰਗ ਐਪ 'ਤੇ ਮਨੀਸ਼ਾ ਸ਼ਰਮਾ ਨਾਂ ਦੀ ਫਰਜ਼ੀ ਪ੍ਰੋਫਾਈਲ ਰਾਹੀਂ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਅਗਸਤ ਵਿਚ ਬਰੈਂਪਟਨ ਵਿਚ ਇੱਕ ਬੇਸਮੈਂਟ ਅਪਾਰਟਮੈਂਟ ਵਿਚ ਮਿਲਣ ਦਾ ਸਮਾਂ ਤੈਅ ਹੋਇਆ। ਪੀੜਤ ਦੇ ਉੱਥੇ ਪਹੁੰਚਦੇ ਹੀ ਇੱਕ ਸ਼ੱਕੀ ਕਮਰੇ ਵਿਚ ਦਾਖਲ ਹੋਇਆ, ਜਿਸ ਨੇ ਪੀੜਤ ਨੂੰ ਡਰਾ-ਧਮਕਾ ਕੇ ਈ-ਟ੍ਰਾਂਸਫਰ ਰਾਹੀਂ ਜਬਰਨ $6,000 ਦੀ ਰਕਮ ਵਸੂਲੀ।
ਪੀੜਤ ਵਲੋਂ ਮਾਮਲਾ ਦਰਜ ਕਰਵਾਏ ਜਾਣ 'ਤੇ ਪੁਲਿਸ ਨੇ ਦੋਵੇਂ ਮੁਲਜ਼ਮਾਂ ਦੀ ਪਛਾਣ ਕਰਕੇ ਉਹਨਾਂ ਨੂੰ 12 ਅਗਸਤ ਨੂੰ ਬਰੈਂਪਟਨ ਤੋਂ ਹੀ ਗ੍ਰਿਫਤਾਰ ਕੀਤਾ। ਇਸ ਮਾਮਲੇ ਵਿਚ ਹਰਵਿੰਦਰ ਸਿੰਘ 'ਤੇ ਧਮਕੀਆਂ ਦੇਣ ਦਾ ਵਾਧੂ ਚਾਰਜ ਵੀ ਲਗਾਇਆ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਗਰੋਹ ਦੇ ਹੋਰ ਵੀ ਪੀੜਤ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।




