Sep 29, 2025 7:17 PM - Connect Newsroom - Pervez Sandhu
ਇਸ ਬੁੱਧਵਾਰ ਜਾਣੀ ਕਿ 1 ਅਕਤੂਬਰ ਨੂੰ ਸ਼ਾਮ 7 ਵਜੇ ਬੀ.ਸੀ. ਪਲੇਸ ਸਟੇਡੀਅਮ 'ਚ ਵੈਨਕੂਵਰ ਵਾਈਟਕੈਪਸ ਦੀ ਵੈਨਕੂਵਰ ਐਫ.ਸੀ. ਨਾਲ ਟੈਲਸ ਕਨੇਡੀਅਨ ਚੈਂਪੀਅਨਸ਼ਿਪ ਫਾਈਨਲ 'ਚ ਟੱਕਰ ਹੋਵੇਗੀ।
ਵੈਨਕੂਵਰ ਵਾਈਟਕੈਪਸ ਦੀ ਟੀਮ ਨੇ ਹਾਲ 'ਚ ਰਿਕਾਰਡ ਸਥਾਪਿਤ ਕਰਦਿਆਂ 8ਵੀਂ ਵਾਰ ਕੈਸਕੇਡੀਆ ਕੱਪ ਜਿੱਤਿਆ ਹੈ।
ਹੁਣ ਵਾਈਟਕੈਪਸ ਦੀ ਅੱਖ ਲਗਾਤਾਰ ਚੌਥੀ ਵਾਰ ਕਨੇਡੀਅਨ ਚੈਂਪੀਅਨਸ਼ਿਪ ਜਿੱਤਣ 'ਤੇ ਹੋਵੇਗੀ।
ਵੈਨਕੂਵਰ ਵਾਈਟਕੈਪਸ ਨੇ ਸੈਮੀਫਾਈਨਲ 'ਚ ਫੋਰਜ ਐਫ.ਸੀ. ਖਿਲਾਫ ਖੇਡੇ 2 ਮੁਕਾਬਲਿਆਂ 'ਚ 6-2 ਦੇ ਐਗਰੀਗੇਟ ਨਾਲ ਬਾਜੀ ਮਾਰੀ ਸੀ ਅਤੇ ਟੀਮ ਜਬਰਦਸਤ ਮੋਮੈਂਟਮ ਨਾਲ ਫਾਈਨਲ 'ਚ ਐਂਟਰੀ ਕਰ ਰਹੀ ਹੈ।
ਹਾਲਾਂਕਿ ਉਧਰ ਲੈਂਗਲੀ ਤੋਂ ਵੈਨਕੂਵਰ ਐਫ.ਸੀ. ਦੇ ਵੀ ਹੌਂਸਲੇ ਬੁਲੰਦ ਹਨ।
ਇਸ ਟੀਮ ਨੇ ਪਹਿਲਾਂ ਕੁਆਟਰਫਾਈਨਲ 'ਚ ਬੇਹੱਦ ਕਂਢੇਦਾਰ ਮੁਕਾਬਲਿਆਂ 'ਚ ਕੈਵੈਲਰੀ ਐਫ.ਸੀ. ਖਿਲਾਫ 2 ਮੁਕਾਬਲਿਆਂ ਤੋਂ ਬਾਅਦ ਪੈਨਲਟੀਆਂ 'ਚ ਮਾਰੀ ਬਾਜੀ ਆਸਰੇ ਸੈਮੀਫਾਈਨਲ 'ਚ ਐਂਟਰੀ ਕੀਤੀ ਸੀ।
ਇਸ ਤੋਂ ਬਾਅਦ ਟੀਮ ਨੇ ਸੈਮੀਫਾਈਨਲ 'ਚ ਐਟਲੈਟੀਕੋ ਔਟਵਾ ਖਿਲਾਫ 2 ਮੁਕਾਬਲਿਆਂ 'ਚ 3-2 ਦੇ ਐਗਰੀਗੇਟ ਨਾਲ ਫਾਈਨਲ 'ਚ ਜਗ੍ਹਾ ਪੱਕੀ ਕੀਤੀ।
ਵੈਨਕੂਵਰ ਐਫ.ਸੀ. ਦੇ ਡਾਇਰੈਕਟਰ ਆਫ ਫੁੱਟਬਾਲ ਆਪ੍ਰੇਸ਼ਨਸ, ਜੀਵਨ ਕੰਗ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਸੀਜਨ ਚੁਣੌਤੀ ਭਰਿਆ ਰਿਹਾ ਹੈ।
ਉਨ੍ਹਾਂ ਆਖਿਆ ਕਿ ਕਿਸੇ ਨੂੰ ਉਮੀਦ ਨਹੀਂ ਸੀ ਕਿ ਟੀਮ ਫਾਈਨਲ ਤਕ ਦਾ ਰਸਤਾ ਤੈਅ ਕਰ ਲਵੇਗੀ ਅਤੇ ਉਨ੍ਹਾਂ ਮੰਨਿਆ ਕਿ ਟੀਮ ਨੂੰ ਅੰਡਰਡੌਗ ਸਮਝਿਆ ਜਾ ਰਿਹਾ ਹੈ।
ਪਰ ਉਨ੍ਹਾਂ ਆਖਿਆ ਕਿ ਟੀਮ ਜੋਰ ਲਗਾਵੇਗੀ ਅਤੇ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਤੇ ਉੱਤਰੇਗੀ।
ਜੀਵਨ ਕੰਗ ਨੇ ਆਖਿਆ ਕਿ ਵੈਨਕੂਵਰ ਐਫ.ਸੀ. ਨੇ ਇੱਕ ਸੀ.ਪੀ.ਐਲ. ਟੀਮ ਦੇ ਤੌਰ 'ਤੇ ਫਾਈਨਲ 'ਚ ਐਂਟਰੀ ਕੀਤੀ ਹੈ ਜੋ ਕਿ ਇੱਕ ਵੱਡੀ ਪ੍ਰਾਪਤੀ ਹੈ।
ਉਨ੍ਹਾਂ ਆਖਿਆ ਕਿ ਟੀਮ ਨੇ ਆਪਣੇ ਤੀਜੇ ਸਾਲ 'ਚ ਹੀ ਫਾਈਨਲ 'ਚ ਐਂਟਰੀ ਦਾ ਕਮਾਲ ਕਰ ਵਿਖਾਇਆ ਹੈ।