Jan 26, 2023 7:26 PM - Connect News

ਵੈਨਕੂਵਰ ਪੁਲਿਸ ਵੱਲੋਂ ਇੱਕ ਵਾਰ ਫਿਰ ਤੋਂ ਬੇਲ ਮਨੀ ਸਕੈਮ/ਜਮਾਨਤ ਸੰਬੰਧੀ ਠੱਗੀ ਬਾਰੇ ਸਾਵਧਾਨ ਕੀਤਾ ਗਿਆ ਹੈ।
ਪੁਲਿਸ ਵੱਲੋਂ 2 ਟਵੀਟ ਕਰ ਦੱਸਿਆ ਗਿਆ ਕਿ ਇਸੇ ਹਫਤੇ ਇੱਕ 87 ਸਾਲਾ ਵਿਅਕਤੀ ਨਾਲ ਕਿਸੇ ਨੇ ਉਸ ਦੇ ਪੋਤੇ ਵਜੋਂ ਸੰਪਰਕ ਕੀਤਾ ਅਤੇ ਆਖਿਆ ਕਿ ਉਹ ਜੇਲ੍ਹ 'ਚ ਹੈ ਅਤੇ ਜਮਾਨਤ ਲਈ ਪੈਸੇ ਚਾਹੀਦੇ ਹਨ।
ਬੁਜ਼ੁਰਗ ਵਿਅਕਤੀ ਨੇ ਜਲਦਬਾਜ਼ੀ 'ਚ ਕੁਰੀਅਰ ਆਸਰੇ ਮਦਦ ਲਈ $3,500 ਭੇਜ ਦਿੱਤੇ।
ਪੁਲਿਸ ਮੁਤਾਬਿਕ ਇਸ ਪੈਸੇ ਦੇ ਗਲਤ ਹੱਥਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਕੁਰੀਅਰ ਨੂੰ ਇੰਟਰਸੈਪਟ ਕਰ ਲਿਆ ਗਿਆ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਸਭ ਲੋਕਾਂ ਦੇ ਪੈਸੇ ਦਾ ਇਸ ਤਰ੍ਹਾਂ ਬਚਾਅ ਨਹੀਂ ਹੋ ਪਾਉਂਦਾ।
ਪੁਲਿਸ ਮੁਤਾਬਿਕ ਬੀਤੇ ਸਾਲ ਇਕੱਲੇ ਵੈਨਕੂਵਰ ਦੇ ਇਲਾਕੇ 'ਚ 56 ਲੋਕਾਂ ਨੇ ਇਸ ਪ੍ਰਕਾਰ ਦੀਆਂ ਠੱਗੀਆਂ 'ਚ $700,000 ਤੋਂ ਵਧੇਰੇ ਦਾ ਨੁਕਸਾਨ ਝੱਲਿਆ ਹੈ।
ਪੁਲਿਸ ਮੁਤਾਬਿਕ ਜੇਕਰ ਕੋਈ ਵਿਅਕਤੀ ਜਾਂ ਪੁਲਿਸ ਅਫ਼ਸਰ ਇਹ ਕਹਿ ਕੇ ਸੰਪਰਕ ਕਰਦਾ ਹੈ ਕਿ ਜਮਾਨਤ ਲਈ ਪੈਸਾ ਚਾਹੀਦਾ ਹੈ ਤਾਂ ਠੱਗੀ ਵੱਜ ਸਕਦੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਅਜਿਹੀ ਕਿਸੇ ਵੀ ਕੀਤੀ ਪਹੁੰਚ 'ਤੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।




