Aug 26, 2026 6:57 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਅਤੇ ਡਿਪਟੀ ਲੀਡਰ ਮੇਲਿਸਾ ਲੈਂਟਸਮੈਨ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਦਬਾਅ ਵਧਾਉਂਦਿਆ ਅਮਰੀਕਾ ਨਾਲ ਰੱਦ ਹੋਈ ਡੀਲ ਦੇ ਦਸਤਾਵੇਜ਼ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਪੌਲੀਐਵ ਇਹ ਮੰਗ ਲਗਾਤਾਰ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੈਨੇਡੀਅਨਜ਼ ਗੈਰ-ਕਾਨੂੰਨੀ ਅਮਰੀਕੀ ਟੈਰਿਫਸ ਦੇ ਖਿਲਾਫ ਆਪਣੇ ਦੇਸ਼ ਦੇ ਕਰਮਚਾਰੀਆਂ ਅਤੇ ਉਦਯੋਗਾਂ ਦੇ ਹਿੱਤਾਂ ਲਈ ਇੱਕਜੁੱਟ ਹਨ ਪਰ ਇਸ ਏਕਤਾ ਲਈ Transparency ਜ਼ਰੂਰੀ ਹੈ।
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਸਰਕਾਰ ਵੱਲੋਂ ਲਗਾਏ ਜਾ ਰਹੇ ਵਿਰੋਧੀ ਟੈਰਿਫ ਕਾਰਨ ਕੈਨੇਡੀਅਨ ਪਰਿਵਾਰਾਂ 'ਤੇ ਕਿੰਨਾ ਆਰਥਿਕ ਬੋਝ ਪਵੇਗਾ ਅਤੇ ਉਸ ਸਮਝੌਤੇ ਵਿਚ ਅਜਿਹਾ ਕੀ ਸੀ ਜਿਸ ਨੂੰ ਪ੍ਰਧਾਨ ਮੰਤਰੀ ਨੇ ਠੁਕਰਾ ਦਿੱਤਾ। ਇਸੇ ਤਰ੍ਹਾਂ ਡਿਪਟੀ ਲੀਡਰ ਮੇਲਿਸਾ ਲੈਂਟਸਮੈਨ ਨੇ ਵੀ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਰੀਆਂ ਅਟਕਲਾਂ ਨੂੰ ਖ਼ਤਮ ਕਰਨ ਲਈ ਉਸ ਸਮਝੌਤੇ ਨੂੰ ਤੁਰੰਤ ਰੀਲੀਜ਼ ਕਰਨ ਅਤੇ ਯਾਦ ਦਿਵਾਇਆ ਕਿ ਗੋਰਡੀ ਹਾਵੇ ਬ੍ਰਿਜ ਮਾਮਲੇ ਦੀ ਸੱਚਾਈ ਵੀ ਇਸੇ ਤਰ੍ਹਾਂ ਸਾਹਮਣੇ ਆਈ ਸੀ।
ਵਿਰੋਧੀ ਧਿਰ ਦਾ ਕਹਿਣਾ ਹੈ ਕਿ ਕੈਨੇਡੀਅਨ ਜਵਾਬ ਦੇ ਹੱਕਦਾਰ ਹਨ, ਉਥੇ ਹੀ ਇਹ ਸਾਰਾ ਸਿਆਸੀ ਹੰਗਾਮਾ ਉਸ ਵੇਲੇ ਹੋਰ ਤੇਜ਼ ਹੋਣ ਦੀ ਉਮੀਦ ਹੈ ਜਦੋਂ 21 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ।




