Mar 11, 2024 1:54 PM - The Connect News

ਅਮਰੀਕਾ ਵਿਚ ਡੋਨਾਲਡ ਟਰੰਪ ਦੀ ਵਾਪਸੀ ਨਾਲ ਯੂਕਰੇਨ-ਰੂਸ ਜੰਗ ਸਮਾਪਤ ਹੋ ਸਕਦੀ ਹੈ। ਇਹ ਟਿੱਪਣੀ ਟਰੰਪ ਦੇ ਸਮਰਥਕ ਅਤੇ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਕੀਤੀ ਹੈ।
ਹੰਗਰੀ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਟਰੰਪ ਕੋਲ ਜੰਗ ਖ਼ਤਮ ਕਰਨ ਲਈ ਕਈ ਸਾਰੀਆਂ ਯੋਜਨਾਵਾਂ ਹਨ ਪਰ ਉਨ੍ਹਾਂ ਨੇ ਇਸ ਦੀ ਵਿਸਥਾਰ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਉਨ੍ਹਾਂ ਨੇ ਇਸ ਵਿਚ ਵੱਡੀ ਗੱਲ ਇਹ ਕਹੀ ਕਿ ਟਰੰਪ ਯੂਕਰੇਨ ਨੂੰ ਦਿੱਤੀ ਜਾ ਰਹੀ ਫੰਡਿੰਗ ਰੋਕ ਦੇਣਗੇ ਜਿਸ ਨਾਲ ਜੰਗ ਜਲਦ ਸਮਾਪਤ ਹੋਵੇਗੀ।
ਓਰਬਨ ਮੁਤਾਬਕ, ਯੂਕਰੇਨ-ਰੂਸ ਦੀ ਜੰਗ ਲੰਮੇ ਸਮੇਂ ਲਈ ਚੱਲਣ ਪਿੱਛੇ ਅਮਰੀਕੀ ਅਤੇ ਯੂਰਪੀ ਵਲੋਂ ਦਿੱਤੀ ਜਾ ਰਹੀ ਫੰਡਿੰਗ ਅਤੇ ਹਥਿਆਰ ਹਨ। ਉਨ੍ਹਾਂ ਕਿਹਾ ਕਿ ਜੇ ਅਮਰੀਕਾ ਫੰਡਿੰਗ ਬੰਦ ਕਰ ਦੇਵੇ ਤਾਂ ਯੂਰਪ ਇਕੱਲੇ ਇਸ ਜੰਗ ਨੂੰ ਹੋਰ ਨਹੀਂ ਖਿੱਚ ਸਕੇਗਾ।
ਹੰਗਰੀ ਦੇ ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਫਲੋਰਿਡਾ ਵਿਚ ਟਰੰਪ ਨਾਲ ਉਨ੍ਹਾਂ ਦੀ ਸ਼ੁੱਕਰਵਾਰ ਨੂੰ ਹੋਈ ਮੁਲਾਕਾਤ ਤੋਂ ਬਾਅਦ ਆਈ ਹੈ ਪਰ ਸਾਬਕਾ ਰਾਸ਼ਟਰਪਤੀ ਨੇ ਅਜੇ ਤੱਕ ਓਰਬਨ ਦੇ ਟੀ.ਵੀ. ਇੰਟਰਵਿਊ ’ਤੇ ਜਨਤਕ ਤੌਰ ’ਤੇ ਟਿੱਪਣੀ ਨਹੀਂ ਕੀਤੀ ਹੈ।




