Jun 2, 2022 3:24 PM - ANI

ਰੂਸ ਨਾਲ ਚੱਲ ਰਹੇ ਯੁੱਧ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਤੱਕ ਯੂਕਰੇਨ ਦੇ ਖੇਤਰ ਦਾ 5ਵਾਂ ਹਿੱਸਾ ਮਾਸਕੋ ਦੇ ਕੰਟਰੋਲ ਵਿਚ ਆ ਚੁੱਕਾ ਹੈ। ਜ਼ੇਲੈਂਸਕੀ ਨੇ ਵੀਰਵਾਰ ਨੂੰ ਲਕਜ਼ਮਬਰਗ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਇਹ ਬਿਆਨ ਦਿੱਤਾ।
ਯੂਕਰੇਨ ਦੇ ਉਪ ਰੱਖਿਆ ਮੰਤਰੀ ਗਨਾ ਮਲਿਆਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜੰਗ ਆਪਣੇ ਸਭ ਤੋਂ ਸਿਖਰ 'ਤੇ ਪਹੁੰਚ ਗਈ ਹੈ।
ਜ਼ੇਲੈਂਸਕੀ ਨੇ ਕਿਹਾ, ''ਹੁਣ ਤੱਕ ਸਾਡੇ ਖੇਤਰ ਦਾ 20 ਫ਼ੀਸਦੀ ਯਾਨੀ ਲਗਭਗ 125 ਕਿਲੋਮੀਟਰ ਹਮਲਾਵਰ ਦੇ ਕੰਟਰੋਲ ਵਿਚ ਹੈ। ਇਹ ਬੇਨੇਲਕਸ ਦੇਸ਼ਾਂ ਦੇ ਸੰਯੁਕਤ ਖੇਤਰ ਨਾਲੋਂ ਵੀ ਵੱਡਾ ਹੈ।'' ਉਨ੍ਹਾਂ ਕਿਹਾ ਕਿ ਫਰੰਟ ਲਾਈਨ 'ਤੇ ਜੰਗ ਜਾਰੀ ਹੈ, ਜੋ 1,000 ਤੋਂ ਵੱਧ ਕਿਲੋਮੀਟਰ ਤੱਕ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦਾ ਡੋਨਬਾਸ ਖੇਤਰ ਤਬਾਹ ਹੋ ਗਿਆ ਹੈ, ਜੋ ਯੂਰਪ ਦੇ ਸਭ ਤੋਂ ਪਾਵਰਫੁਲ ਉਦਯੋਗਿਕ ਕੇਂਦਰਾਂ ਵਿਚੋਂ ਇੱਕ ਸੀ।
ਜ਼ੇਲੈਂਸਕੀ ਮੁਤਾਬਕ, ਜੰਗ ਦੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਵਿਚ ਹੁਣ ਤੱਕ 30,000 ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ 'ਤੇ ਪਾਬੰਦੀਆਂ ਵਧਾਉਣ ਤੇ ਹੋਰ ਹਥਿਆਰਾਂ ਦੀ ਮੰਗ ਕੀਤੀ ਹੈ। ਉਨ੍ਹਾਂ ਲਕਜ਼ਮਬਰਗ ਦੇ ਪ੍ਰਧਾਨ ਮੰਤਰੀ ਜ਼ੇਵੀਅਰ ਬੈਟਲ ਨੂੰ ਵੀ ਕੀਵ ਆਉਣ ਦਾ ਸੱਦਾ ਦਿੱਤਾ।




