Oct 19, 2026 3:46 PM - Connect Newsroom - Ramandeep Kaur

ਓਂਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਕਾਰਾਂ ਦੀ ਲੁੱਟ-ਖੋਹ ਨਾਲ ਸਬੰਧਤ ਜਾਂਚ ਵਿਚ ਦੋ ਨਾਬਾਲਗਾਂ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਜੂਨ 2025 ਅਤੇ ਅਪ੍ਰੈਲ 2026 ਵਿਚਕਾਰ ਗ੍ਰੇਟਰ ਟੌਰੌਂਟੋ ਏਰੀਏ ਵਿਚ ਹਾਈ-ਐਂਡ ਗੱਡੀਆਂ ਦੀ ਹਿੰਸਕ ਲੁੱਟ-ਖੋਹ ਦੀਆਂ 21 ਘਟਨਾਵਾਂ ਹੋਈਆਂ ਸਨ, ਜਿਹਨਾਂ ਵਿਚ ਸ਼ਾਮਲ ਸ਼ੱਕੀਆਂ ਦਾ ਪਦਾਫਾਸ਼ ਕਰਦੇ ਹੋਏ ਬ੍ਰੈਂਪਟਨ ਤੋਂ ਸ਼ਾਨ ਢੀਂਡਸਾ, ਹਾਲਟਨ ਹਿਲਸ ਤੋਂ ਏਕਮਵੀਰ ਰੰਧਾਵਾ, ਬ੍ਰੈਂਪਟਨ ਤੋਂ ਪਾਰਥ ਸ਼ਰਮਾ, ਆਰੀਅਨ ਦਿਓਲ, ਮਾਨਵਜੋਤ ਧਾਲੀਵਾਲ ਹਿਰਾਸਤ ਵਿਚ ਲਏ ਗਏ ਹਨ, ਇਹ ਸਾਰੇ 20 ਤੋਂ 24 ਸਾਲ ਦੇ ਹਨ।
ਉਥੇ ਹੀ, ਬ੍ਰੈਂਪਟਨ ਤੋਂ ਇੱਕ ਹੋਰ 37 ਸਾਲਾ ਸ਼ੱਕੀ ਮਧੂਮੀਤ ਰੰਧਾਵਾ ਦੀ ਗ੍ਰਿਫਤਾਰੀ ਹੋਈ ਹੈ। ਪੀਲ ਪੁਲਿਸ ਮੁਤਾਬਕ, ਇਹ ਸਾਰੇ ਚੂਾਕ ਅਤੇ ਹਥਿਆਰਾਂ ਦੀ ਨੋਕ 'ਤੇ ਇਹਨਾਂ ਲੁੱਟਾਂ-ਖੋਹਾਂ ਨੂੰ ਅੰਜ਼ਾਮ ਦੇਣ ਵਿਚ ਸ਼ਾਮਲ ਸਨ ਅਤੇ ਕੁਝ ਕੇਸ ਵਿਚ ਪੀੜਤ ਗੰਭੀਰ ਜ਼ਖਮੀ ਵੀ ਹੋਏ ਸਨ।
ਜਾਂਚਕਰਤਾ ਨੇ ਜਾਂਚ ਦੌਰਾਨ 15 ਚੋਰੀਆਂ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ $1.4 ਮਿਲੀਅਨ ਦੱਸੀ ਗਈ ਹੈ, ਨਾਲ ਹੀ ਕਾਰਤੂਸਾਂ ਅਤੇ ਮੈਗਜ਼ੀਨ ਸਮੇਤ 4 ਗੈਰ-ਕਾਨੂੰਨੀ ਹਥਿਆਰ ਜ਼ਬਤ ਕੀਤੇ ਗਏ ਹਨ। ਪੀਲ ਪੁਲਿਸ ਮੁਤਾਬਕ, ਕੁੱਲ ਮਿਲਾ ਕੇ ਇਹਨਾਂ ਮੁਲਜ਼ਮਾਂ 'ਤੇ 100 ਤੋਂ ਵੱਧ ਚਾਰਜ ਲਗਾਏ ਗਏ ਹਨ ਅਤੇ ਅਗਲੇਰੀ ਜਾਂਚ ਅਜੇ ਵੀ ਜਾਰੀ ਹੈ।




