Oct 13, 2026 3:13 PM - Connect Newsroom - Ramandeep Kaur with files from The Canadian Press

ਪਾਕਿਸਤਾਨ ਦੇ ਪੰਜਾਬ ਸੂਬੇ ਅਧੀਨ ਪੈਂਦੇ ਮੁਲਤਾਨ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਇੱਕ ਟ੍ਰੇਨ ਹਾਦਸਾ ਵਾਪਰਿਆ, ਜਿੱਥੇ ਪੇਸ਼ਾਵਰ ਜਾ ਰਹੀ 'ਰਹਿਮਾਨ ਬਾਬਾ ਐਕਸਪ੍ਰੈਸ' ਸ਼ੇਰ ਸ਼ਾਹ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ। ਪਾਕਿਸਤਾਨ ਰੇਲਵੇ ਦੇ ਚੀਫ਼ ਐਗਜ਼ੀਕਿਊਟਿਵ ਔਫ਼ੀਸਰ ਮੁਹੰਮਦ ਹਫ਼ੀਜ਼ੁੱਲਾ ਮੁਤਾਬਕ, ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਸਵਾਰੀਆਂ ਜ਼ਖਮੀ ਹੋਈਆਂ ਹਨ।
ਰੇਲਵੇ ਦੀ ਸ਼ੁਰੂਆਤੀ ਜਾਂਚ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਯਾਤਰੀ ਕੋਚ ਵਿਚ ਆਈ ਕਿਸੇ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ। ਰਿਪੋਰਟ ਮੁਤਾਬਕ, ਟ੍ਰੇਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ ਸ਼ੇਰ ਸ਼ਾਹ ਸਟੇਸ਼ਨ ਦੇ ਕੋਲ ਅਚਾਨਕ ਇੱਕ ਜ਼ੋਰਦਾਰ ਝਟਕਾ ਲੱਗਣ ਮਗਰੋਂ ਕਈ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ।
ਰੇਲਵੇ ਮੰਤਰੀ ਹਨੀਫ਼ ਅੱਬਾਸੀ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਇੱਕ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ।




