Oct 13, 2026 2:35 PM - Connect Newsroom - Ramandeep Kaur with files from The Canadian Press

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਵਾਸ਼ਿੰਗਟਨ ਅਤੇ ਔਟਵਾ ਦਰਮਿਆਨ ਟੈਰਿਫ-ਫ੍ਰੀ ਟ੍ਰੇਡ ਦੀ ਵਕਾਲਤ ਲਈ ਅੱਜ ਅਮਰੀਕਾ ਦੇ ਸ਼ਹਿਰ ਡੈਟ੍ਰੋਇਟ ਦਾ ਦੌਰਾ ਕਰ ਰਹੇ ਹਨ। ਇਸ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਓਨਟਾਰੀਓ ਵਿਖੇ ਵਿੰਡਸਰ ਵਿਚ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਜਨਰਲ ਮੋਟਰਜ਼ ਦੇ ਪਲਾਂਟ ਅਤੇ ਮਿਸ਼ੀਗਨ ਵਿਚ ਫੋਰਡ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ, ਇਸ ਦੌਰੇ ਵਿਚ ਉਨ੍ਹਾਂ ਨਾਲ ਵਿੰਡਸਰ ਖੇਤਰ ਦੇ ਕੰਜ਼ਰਵੇਟਿਵ ਸਾਂਸਦ ਵੀ ਸ਼ਾਮਲ ਹਨ।
ਪੌਲੀਐਵ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡਾ-ਅਮਰੀਕਾ ਵਿਚਕਾਰ ਟਰੇਡ ਵਾਰ ਦਾ ਸਿੱਧਾ ਫਾਇਦਾ ਚੀਨ ਅਤੇ ਹੋਰ ਵਿਦੇਸ਼ੀ ਮੁਕਾਬਲੇਬਾਜ਼ਾਂ ਨੂੰ ਹੋ ਰਿਹਾ ਹੈ, ਇਸ ਲਈ ਸਾਨੂੰ ਦੋਹਾਂ ਮੁਲਕਾਂ ਨੂੰ ਵਪਾਰਕ ਜੰਗ ਨੂੰ ਸਮਾਪਤ ਕਰਨੀ ਹੋਵੇਗੀ।
ਗੌਰਤਲਬ ਹੈ ਕਿ ਅਮਰੀਕਾ ਨੇ ਇਸ ਸਮੇਂ ਕੈਨੇਡੀਅਨ ਆਟੋ 'ਤੇ 25 ਫ਼ੀਸਦੀ ਟੈਰਿਫ ਲਗਾਇਆ ਹੋਇਆ ਹੈ, ਜਿਸ ਨੂੰ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਵਲੋਂ ਜਵਾਬੀ ਕਾਰਵਾਈ ਵਿਚ ਲਗਾਏ ਗਏ ਟੈਰਿਫਸ ਦੇ ਜਵਾਬ ਵਿਚ 1 ਜਨਵਰੀ ਤੋਂ ਵਧਾ ਕੇ 50 ਫ਼ੀਸਦੀ ਕਰਨ ਦੀ ਧਮਕੀ ਦਿੱਤੀ ਹੈ।




