Oct 13, 2026 2:18 PM - Connect Newsroom - Ramandeep Kaur with files from The Canadian Press

ਐਲਬਰਟਾ ਦੇ ਭਵਿੱਖ ਨੂੰ ਲੈ ਕੇ ਹੋਣ ਵਾਲੇ ਰਿਫਰੈਂਡਮ ਤੋਂ ਠੀਕ ਇੱਕ ਹਫ਼ਤਾ ਪਹਿਲਾਂ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ Thanksgiving ਮੌਕੇ ਲੋਕਾਂ ਨੂੰ ਦੇਸ਼ ਦੀ ਏਕਤਾ ਅਤੇ ਖੁਸ਼ਹਾਲੀ ਚੁਣਨ ਦਾ ਸਿੱਧਾ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਐਡਮਿੰਟਨ ਵਿਚ ਆਪਣੇ ਪੁਰਾਣੇ ਸਕੂਲ ਸੇਂਟ ਫ੍ਰਾਂਸਿਸ Xavier ਹਾਈ ਸਕੂਲ ਤੋਂ ਰਿਕਾਰਡ ਕੀਤੇ ਮੈਸਜ ਵਿਚ ਕਿਹਾ ਕਿ ਬਦਲਦੀ ਦੁਨੀਆ ਵਿੱਚ ਕੈਨੇਡਾ ਨੂੰ ਕਈ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਲਈ ਉਨ੍ਹਾਂ ਦੀ ਸਰਕਾਰ ਨੇ ਅਲਬਰਟਾ ਦੀਆਂ ਪੁਰਾਣੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ ਜਿਵੇਂ ਕਿ ਖਪਤਕਾਰ ਕਾਰਬਨ ਟੈਕਸ ਨੂੰ ਖਤਮ ਕਰਨਾ, ਵੈਸਟ ਕੋਸਟ ਵੱਲ ਜਾਣ ਵਾਲੀ ਪਾਈਪਲਾਈਨ ਨੂੰ ਹੁੰਗਾਰਾ ਦੇਣਾ ਅਤੇ ਵਾਤਾਵਰਣ ਸਬੰਧੀ ਨਿਯਮਾਂ ਵਿੱਚ ਸੁਧਾਰ ਕਰਨਾ।
ਡਲਹੌਜ਼ੀ ਯੂਨੀਵਰਸਿਟੀ ਦੀ ਰਾਜਨੀਤਿਕ ਵਿਗਿਆਨ ਪ੍ਰੋਫੈਸਰ Lori Turnbull ਅਤੇ ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਮੰਨਿਆ ਕਿ ਨਵੀਂ ਫੈਡਰਲ ਸਰਕਾਰ ਅਲਬਰਟਾ ਦੀਆਂ ਆਵਾਜ਼ਾਂ ਨੂੰ ਸੁਣ ਰਹੀ ਹੈ ਅਤੇ ਨਵੇਂ ਨਿਵੇਸ਼ਾਂ ਦਾ ਰਾਹ ਪੱਧਰਾ ਕਰ ਰਹੀ ਹੈ।




