Sep 18, 2024 7:18 PM - The Associated Press

ਬੀ.ਸੀ. ਸਰਕਾਰ ਦੇ ਸਖਤ ਰਵੱਈਏ ਤੋਂ ਬਾਅਦ ਮੈਟਾ ਨੇ ਨੌਜਵਾਨਾਂ ਦੀ ਆਨਲਾਈਨ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਨਵੇਂ ਉਪਾਵਾਂ ਦਾ ਐਲਾਨ ਕੀਤਾ ਹੈ। ਅਸਲ ਵਿਚ ਇਹ ਉਦੋਂ ਹੋ ਰਿਹਾ ਹੈ ਜਦੋਂ ਬੀ.ਸੀ. ਸਰਕਾਰ ਨੇ ਜਨਵਰੀ ਵਿੱਚ ਬਿਨਾਂ ਸਹਿਮਤੀ ਦੇ ਆਨਲਾਈਨ ਪਲੇਟਫਾਰਮ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ਨੂੰ ਹਟਾਉਣ ਲਈ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਸੀ।
ਸੋਸ਼ਲ ਮੀਡੀਆ ਦਿੱਗਜ ਮੈਟਾ ਦਾ ਕਹਿਣਾ ਹੈ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਕੈਨੇਡੀਅਨ ਇੰਸਟਾਗ੍ਰਾਮ ਯੂਜ਼ਰਸ ਲਈ ਇੰਸਟਾਗ੍ਰਾਮ ਟੀਨ ਅਕਾਉਂਟ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਿਸ ਵਿਚ ਉਨ੍ਹਾਂ ਦੇ ਖਾਤੇ ਮੂਲ ਰੂਪ ’ਚ ਨਿੱਜੀ ਸੈਟ ਕੀਤੇ ਜਾਣਗੇ।
ਮੈਟਾ ਮੁਤਾਬਿਕ ਇਸ ਨਾਲ ਇਹ ਸੀਮਿਤ ਹੋ ਜਾਵੇਗਾ ਕਿ ਕੌਣ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਉਹ ਕਿਹੜੀ ਸਮੱਗਰੀ ਦੇਖ ਸਕਦੇ ਹਨ। ਦੂਜੇ ਪਾਸੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈ.ਬੀ. ਨੇ ਇਸ ਕਦਮ ਨੂੰ ਨਾਕਾਫੀ ਦੱਸਿਆ ਹੈ।
ਈ.ਬੀ. ਦਾ ਕਹਿਣਾ ਹੈ ਕਿ ਬੱਚਿਆਂ ਦੀ ਆਨਲਾਈਨ ਸੁਰੱਖਿਆ ਲਈ ਟੈਕ ਕੰਪਨੀਆਂ ਘੱਟੋ ਘੱਟ ਇਹੋ ਕਰ ਸਕਦੀਆਂ ਹਨ। ਈ.ਬੀ. ਦਾ ਕਹਿਣਾ ਹੈ ਕਿ ਸੂਬੇ ਵਲੋਂ ਟੈਕ ਕੰਪਨੀਆਂ ਨਾਲ ਬੱਚਿਆਂ ਦੀ ਆਨਲਾਈਨ ਸੁਰੱਖਿਆ ਵਧਾਉਣ ਸੰਬੰਧੀ ਗੱਲਬਾਤ ਕੀਤੀ ਜਾ ਰਹੀ ਹੈ।




