Jan 25, 2022 1:43 AM - ANI

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਰੇਤ ਮਾਫੀਆ ਬਾਰੇ ਗੱਲ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਸਿੱਧੂ ਨੇ ਕਾਂਗਰਸ ਦੇ ਰੇਤ ਮਾਫ਼ੀਆ ਨਾਲ ਸੰਬੰਧਤ ਬਾਗ਼ੀ ਵਿਧਾਇਕਾਂ ਦੀ ਹਮਾਇਤ ਕਰਕੇ ਆਪਣੀ ਅਸਲੀਅਤ ਜ਼ਾਹਿਰ ਕਰ ਦਿੱਤੀ ਹੈ।ਕੈਪਟਨ ਨੇ ਕਿਹਾ, ''ਸਿੱਧੂ ਨੇ ਜਿਨ੍ਹਾਂ ਵਿਧਾਇਕਾਂ ਦੀ ਨੁਮਾਇੰਦਗੀ ਕੀਤੀ ਹੈ, ਉਹ ਸਿੱਧੇ ਜਾਂ ਅਸਿੱਧੇ ਰੂਪ ਨਾਲ ਸੂਬੇ ਵਿਚ ਰੇਤ ਮਾਫੀ਼ਆ ਨਾਲ ਜੁੜੇ ਹੋਏ ਹਨ।
ਇਸ ਮਾਮਲੇ ਵਿਚ ਪੀ ਪੀ ਸੀ ਸੀ ਪ੍ਰਧਾਨ ਦੀ ਭੂਮਿਕਾ ਸ਼ੱਕੀ ਸੀ।" ਪੰਜਾਬ ਲੋਕ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਵੱਲੋਂ ਲਾਏ ਇਸ ਦੋਸ਼ ਨੂੰ ਸਿਰੇ ਤੋਂ ਨਕਾਰਿਆ ਜਿਸ ਵਿਚ ਸਿੱਧੂ ਨੇ ਕਿਹਾ ਸੀ ਕਿ ਕੈਪਟਨ ਆਪਣੇ ਮੁੱਖਮੰਤਰੀ ਕਾਰਜਕਾਲ ਦੌਰਾਨ ਰੇਤ ਮਾਫੀਆ ਖਿ਼ਲਾਫ਼ ਕੋਈ ਕਾਰਵਾਈ ਕਰਨ ਵਿਚ ਨਾਕਾਮਯਾਬ ਰਹੇ।
ਪੰਜਾਬ ਲੋਕ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਗ਼ੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਉਸ ਸਮੇਂ ਨਾ ਸਿਰਫ਼ ਕਾਨੂੰਨੀ ਕਦਮ ਚੁੱਕੇ ਗਏ ਸਨ ਸਗੋਂ ਉਨ੍ਹਾਂ ਕਾਂਗਰਸ ਪ੍ਰਧਾਨ ਕੋਲੋਂ ਇਸ ਰੈਕਟ ਵਿਚ ਸ਼ਾਮਿਲ ਕਾਂਗਰਸੀ ਆਗੂਆਂ ਬਾਰੇ ਵੀ ਵਿਸ਼ੇਸ਼ ਤੌਰ 'ਤੇ ਪੁੱਛਿਆ ਸੀ।
ਕੈਪਟਨ ਨੇ ਸਿੱਧੂ 'ਤੇ ਪਲਟਵਾਰ ਕਰਦਿਆਂ ਸਵਾਲ ਕੀਤਾ ਹੈ ਕਿ "ਜੇਕਰ ਉਹ ਇਸ ਮਾਮਲੇ ਪ੍ਰਤੀ ਏਨੇ ਹੀ ਗੰਭੀਰ ਹਨ ਤਾਂ ਉਹ ਕਾਂਗਰਸ ਲੀਡਰਸਿ਼ਪ ਕੋਲੋਂ ਪੁੱਛੇ ਕਿ ਦੋਸ਼ੀਆਂ ਖਿ਼ਲਾਫ਼ ਲੋੜੀਂਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ?" ਪੰਜਾਬ ਲੋਕ ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਰੇਤ ਮਾਫੀਆ ਰੈਕੇਟ ਵਿਚ ਸ਼ਾਮਿਲ ਵਿਧਾਇਕਾਂ ਬਾਰੇ ਕਾਂਗਰਸ ਪ੍ਰਧਾਨ ਨੂੰ ਜਾਣਕਾਰੀ ਦਿੱਤੀ ਸੀ, ਇਹ ਵਿਧਾਇਕ ਪਾਰਟੀ ਦੀ ਲੀਡਰਸਿ਼ਪ ਨਾਲ ਸਿੱਧੇ ਸੰਪਰਕ ਵਿਚ ਸਨ।
ਕੈਪਟਨ ਨੇ ਅੱਗੇ ਕਿਹਾ, "ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਜਿਨ੍ਹਾਂ ਵਿਧਾਇਕਾਂ ਦੀ ਸਿੱਧੂ ਨੇ ਨੁਮਾਇੰਦਗੀ ਕੀਤੀ, ਇਨ੍ਹਾਂ ਵਿਧਾਇਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ।"
ਕੈਪਟਨ ਨੇ ਬਿਆਨ ਵਿਚ ਅੱਗੇ ਕਿਹਾ, "ਮੇਰੇ ਕਾਂਗਰਸ ਛੱਡ ਦੇਣ ਤੋਂ ਬਾਅਦ ਵੀ ਸਿੱਧੂ ਲਗ਼ਾਤਾਰ ਉਨ੍ਹਾਂ ਖਿ਼ਲਾਫ਼ ਬਿਆਨਬਾਜ਼ੀ ਕਰਦੇ ਰਹੇ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਪੀਪੀਸੀਸੀ ਪ੍ਰਧਾਨ ਕਿੰਨਾ ਅਸੁਰੱਖਿਅਤ ਮਹਿਸੂਸ ਕਰ ਰਹੇ ਸੀ।
ਪੰਜਾਬ ਵਿਚ ਉਨ੍ਹਾਂ (ਸਾਬਕਾ ਮੁੱਖ ਮੰਤਰੀ ਦੇ ਅਹੁਦੇ 'ਤੇ ਹੋਣ ਦੌਰਾਨ) ਦੇ ਸਿਆਸੀ ਦਬਦਬੇ ਅਤੇ ਪ੍ਰਭਾਵ ਦੇ ਬਾਵਜੂਦ ਸਿੱਧੂ ਨੂੰ ਆਪਣੀ ਪਾਰਟੀ ਦਾ ਵੀ ਖਿ਼ਆਲ ਨਹੀਂ ਰਿਹਾ ਜੋ ਕਿ ਪੂਰੀ ਤਰ੍ਹਾਂ ਕਲੇਸ਼ ਨਾਲ ਜੂਝ ਰਹੀ ਸੀ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇਹ ਵੀ ਦਾਅਵਾ ਕੀਤਾ ਕਿ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਪੰਜਾਬ ਵਿਚੋਂ ਕਾਂਗਰਸ ਨੂੰ ਖ਼ਤਮ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ।




