Oct 8, 2026 7:01 PM - Connect Newsroom - Ramandeep Kaur with files from The Canadian Press

ਬੀ. ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ $1,000 ਦੀ ਟੈਕਸ ਕਟੌਤੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸਰੀ ਵਿਖੇ ਇੱਕ ਗ੍ਰੋਸਰੀ ਸਟੋਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਡੋਰਕਸਨ ਨੇ ਕਿਹਾ ਕਿ ਜੇ ਸੂਬੇ ਦੀ ਜਨਤਾ ਉਹਨਾਂ ਨੂੰ ਪ੍ਰੀਮੀਅਰ ਬਣਾਉਂਦੀ ਹੈ ਤਾਂ ਬੀ.ਸੀ. ਦੇ ਲੋਕਾਂ ਨੂੰ ਆਪਣੀ $32,000 ਤੱਕ ਦੀ ਪਹਿਲੀ ਇਨਕਮ 'ਤੇ ਕੋਈ ਸੂਬਾਈ ਆਮਦਨ ਕਰ ਨਹੀਂ ਦੇਣਾ ਪਵੇਗਾ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਘਰ ਵਿਚ ਦੋ ਲੋਕ ਕਮਾਉਣ ਵਾਲੇ ਹਨ ਤਾਂ ਉਹਨਾਂ ਨੂੰ ਇਸ ਨਾਲ ਹਰ ਸਾਲ $2,000 ਦੀ ਬਚਤ ਹੋਵੇਗੀ, ਜੋ ਪੈਸਾ ਸਰਕਾਰ ਦੇ ਖ਼ਜ਼ਾਨੇ ਦੀ ਬਜਾਏ ਸਿੱਧਾ ਉਹਨਾਂ ਦੀਆਂ ਆਪਣੀਆਂ ਜੇਬਾਂ ਵਿਚ ਜਾਵੇਗਾ।
ਇੱਥੋਂ ਤੱਕ ਕਿ ਮਿਨੀਮਮ ਵੇਜ 'ਤੇ ਫੁੱਲ-ਟਾਈਮ ਕੰਮ ਕਰਨ ਵਾਲੇ ਕਾਮਿਆਂ ਨੂੰ ਕੋਈ ਵੀ ਸੂਬਾਈ ਟੈਕਸ ਨਹੀਂ ਦੇਣਾ ਹੋਵੇਗਾ। ਗੌਰਤਲਬ ਹੈ ਕਿ ਬੀ. ਸੀ. ਵਿਚ ਮੌਜੂਦਾ ਸਮੇਂ ਮੁੱਢਲੀ ਨਿੱਜੀ ਇਨਕਮ ਟੈਕਸ ਛੋਟ $13,216 ਤੱਕ ਹੈ, ਜਿਸ ਨੂੰ ਡੋਰਕਸਨ ਨੇ $32,000 ਕੀਤੇ ਜਾਣ ਦਾ ਵਾਅਦਾ ਕੀਤਾ ਹੈ।




