Oct 8, 2026 6:18 PM - Connect Newsroom - Ramandeep Kaur with files from The Canadian Press

ਬੀਸੀ ਐਨਡੀਪੀ ਲੀਡਰ ਡੇਵਿਡ ਈਬੀ ਨੇ ਅੱਜ ਰਿਚਮੰਡ ਵਿਚ ਚੋਣ ਕੰਪੇਨ ਦੌਰਾਨ ਵੋਟਰਾਂ ਨਾਲ ਇੱਕ ਵੱਡਾ ਵਾਅਦਾ ਕਰਦਿਆਂ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਫਿਰ ਸੱਤਾ ਵਿਚ ਆਉਂਦੀ ਹੈ ਤਾਂ ਉਹ ICBC ਦੀਆਂ ਬੀਮਾ ਦਰਾਂ ਨੂੰ ਅਗਲੇ 3 ਹੋਰ ਸਾਲਾਂ ਲਈ ਫ੍ਰੀਜ਼ ਕਰ ਦੇਣਗੇ।
ਈਬੀ ਮੁਤਾਬਕ, ਇਸ ਫ਼ੈਸਲੇ ਦਾ ਸਿੱਧਾ ਮਤਲਬ ਇਹ ਹੋਵੇਗਾ ਕਿ ਸੂਬੇ ਦੇ ਵਾਹਨ ਚਾਲਕਾਂ ਨੂੰ ਲਗਾਤਾਰ 10 ਸਾਲ ਕਾਰ ਬੀਮੇ ਦੀਆਂ ਦਰਾਂ ਲਈ ਕੋਈ ਵਾਧੂ ਖ਼ਰਚ ਨਹੀਂ ਕਰਨਾ ਪਵੇਗਾ। ਉਨ੍ਹਾਂ ਆਪਣੀ ਸਰਕਾਰ ਦੇ No-fault ਇੰਸ਼ੋਰੈਂਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਸੁਧਾਰਾਂ ਸਦਕਾ ਹੀ ਬੀ.ਸੀ. ਵਿਚ ਕਾਰ ਬੀਮਾ ਦੇਸ਼ ਦੇ ਸਭ ਤੋਂ ਮਹਿੰਗੇ ਬੀਮੇ ਤੋਂ ਬਦਲ ਕੇ ਸਭ ਤੋਂ ਕਿਫਾਇਤੀ ਸ਼੍ਰੇਣੀ ਵਿਚ ਆ ਗਿਆ ਹੈ।
ਦੂਜੇ ਪਾਸੇ, ਉਨ੍ਹਾਂ ਆਪਣੇ ਸਿਆਸੀ ਵਿਰੋਧੀ ਅਤੇ ਬੀ. ਸੀ. ਕੰਜ਼ਰਵੇਟਿਵ ਲੀਡਰ ਡੋਰਕਸਨ 'ਤੇ ਨਿਸ਼ਾਨਾ ਸਾਧਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਵਿਰੋਧੀ ਪਾਰਟੀ ਸੱਤਾ ਵਿਚ ਆਉਂਦੀ ਹੈ ਅਤੇ ਮੌਜੂਦਾ ਸਿਸਟਮ ਨੂੰ ਬਦਲਦੀ ਹੈ ਤਾਂ ਸੂਬੇ ਵਿਚ ਬੀਮਾ ਦਰਾਂ ਮੁੜ ਦੁੱਗਣੀਆਂ ਹੋ ਸਕਦੀਆਂ ਹਨ।




