Mar 2, 2022 1:43 AM - The Canadian Press

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਦਾ ਕਹਿਣਾ ਹੈ ਕਿ ਜਲਦੀ ਹੀ ਸੂਬੇ 'ਚ ਕੁਝ ਹੋਰ ਪਬੰਦੀਆਂ 'ਚ ਢਿੱਲ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਿਹਤ ਮਾਹਿਰਾਂ ਦੀ ਟੀਮ ਵਧੇਰੇ ਬਚਾਅ ਕਦਮਾਂ 'ਤੇ ਧਿਆਨ ਦੇ ਰਹੀ ਹੈ ਜੋ ਕਿ ਸਪਰਿੰਗ ਬਰੇਕ ਤੋਂ ਪਹਿਲਾਂ ਚੁੱਕੇ ਜਾ ਸਕਦੇ ਹਨ।
ਡਾ. ਬੌਨੀ ਹੈਨਰੀ ਨੇ ਕਿਹਾ ਕਿ ਟਰਾਂਸਮਿਸ਼ਨ ਦੇ ਘਟਣ ਨਾਲ ਕੁਝ ਪਬੰਦੀਆਂ ਹਟਾਏ ਜਾਣ ਦੇ ਆਸਾਰ ਹਨ।
ਹਾਲਾਂਕਿ ਕਿਸ ਪ੍ਰਕਾਰ ਦੀ ਢਿੱਲ ਦਿੱਤੀ ਜਾ ਸਕਦੀ ਹੈ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ।
ਹਾਲਾਂਕਿ ਜੇਕਰ ਬੀ.ਸੀ. ਵਾਸੀ ਕੋਈ ਵੱਡੀਆਂ ਢਿੱਲਾਂ ਦੀ ਆਸ ਕਰ ਰਹੇ ਹੋਣ ਤਾਂ ਉਨ੍ਹਾਂ ਦੇ ਹੱਥ ਨਿਰਾਸ਼ਾ ਲਗ ਸਕਦੀ ਹੈ।
ਬੀ.ਸੀ. 'ਚ ਨੋਵਾਵੈਕਸ ਵੈਕਸੀਨ ਹਾਸਿਲ ਕਰਨ ਲਈ ਕੀਤੀ ਜਾ ਸਕਦੀ ਬੁਕਿੰਗ
ਅੱਜ ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਬੀ.ਸੀ. 'ਚ ਹੁਣ ਤਕ 11 ਮਿਲੀਅਨ ਤੋਂ ਵਧੇਰੇ ਵੈਕਸੀਨ ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਸੂਬੇ 'ਚ ਨੋਵਾਵੈਕਸ ਅਤੇ ਮੈਡੀਕਾਗੋ ਵੈਕਸੀਨ ਦੀ ਵਰਤੋਂ ਵੀ ਸ਼ੁਰੂ ਹੋਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਐਮ.ਆਰ.ਐਨ.ਏ. ਵੈਕਸੀਨ ਪ੍ਰਤੀ ਝਿਜਕ ਮਹਿਸੂਸ ਕਰਦੇ ਸਨ, ਉਨ੍ਹਾਂ ਲਈ ਇਹ ਵੈਕਸੀਨ ਖੁਰਾਕਾਂ ਇੱਕ ਬਿਹਤਰ ਵਿਕਲਪ ਹੋ ਸਕਦੀਆਂ ਹਨ।
ਉਨ੍ਹਾਂ ਜੋਰ ਦਿੱਤਾ ਕਿ ਵੈਕਸੀਨ ਖੁਰਾਕਾਂ ਵਾਇਰਸ ਨਾਲ ਲੜਾਈ 'ਚ ਅਹਿਮ ਔਜਾਰ ਹਨ।
ਉਨ੍ਹਾਂ ਕਿਹਾ ਕਿ ਨੋਵਾਵੈਕਸ ਵੈਕਸੀਨ ਨੂੰ ਕਿਸੇ ਵੀ ਹੋਰ ਵੈਕਸੀਨ ਹਾਸਿਲ ਕਰਨ ਤੋਂ ਬਾਅਦ ਬੂਸਟਰ ਖੁਰਾਕ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਨੂੰ ਮਿਕਸ ਐਂਡ ਮੈਚ ਕਰਨ 'ਚ ਕੋਈ ਪ੍ਰੇਸ਼ਾਨੀ ਨਹੀਂ ਹੈ।
ਡਾ. ਹੈਨਰੀ ਨੇ ਕਿਹਾ ਕਿ ਕਰੀਬ 1,000 ਲੋਕਾਂ ਨੇ ਇਸ ਵੈਕਸੀਨ ਲਈ ਬੁਕਿੰਗ ਕਰਵਾ ਲਈ ਹੈ।




