Jul 3, 2026 5:55 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੇ ਸ਼ਾਸਕ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਇੱਕ ਅਹਿਮ ਮੁਲਾਕਾਤ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਇੱਕ ਨਵਾਂ ਸਿਆਸੀ ਦਬਾਅ ਵੀ ਸ਼ੁਰੂ ਹੋ ਗਿਆ ਹੈ। ਪਿਛਲੇ 26 ਸਾਲਾਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਸਾਊਦੀ ਫੇਰੀ ਹੋਣ ਵਾਲੀ ਹੈ,ਜਿਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਹਾਲਾਂਕਿ, ਫੈਡਰਲ ਅਧਿਕਾਰੀਆਂ ਨੇ ਇਹ ਸਪੱਸ਼ਟ ਕਰਨ ਤੋਂ ਨਾਂਹ ਕੀਤੀ ਹੈ ਕਿ ਕੀ ਪ੍ਰਧਾਨ ਮੰਤਰੀ ਇਸ ਦੌਰੇ ਦੌਰਾਨ ਸਾਊਦੀ ਅਰਬ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਚੁੱਕਣਗੇ ਜਾਂ ਨਹੀਂ। ਯਾਦ ਰਹੇ ਕਿ ਸਾਲ 2018 ਵਿਚ ਤਤਕਾਲੀਨ ਟਰੂਡੋ ਸਰਕਾਰ ਵੱਲੋਂ ਸਾਊਦੀ ਅਰਬ ਵਿਚ ਗ੍ਰਿਫ਼ਤਾਰ ਕੀਤੇ ਗਏ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਰਿਹਾਈ ਦੀ ਮੰਗ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧ ਟੁੱਟ ਗਏ ਸਨ, ਜਿਨ੍ਹਾਂ ਨੂੰ ਸਾਲ 2023 ਤੋਂ ਹੌਲੀ-ਹੌਲੀ ਦੁਬਾਰਾ ਆਮ ਕੀਤਾ ਗਿਆ ਹੈ।
ਵਿਦੇਸ਼ੀ ਮਾਮਲਿਆਂ ਦੇ ਮਾਹਰ ਇਸ ਦੌਰੇ ਨੂੰ ਕੈਨੇਡਾ ਦੇ ਵਪਾਰਕ ਸਬੰਧਾਂ ਲਈ ਮਹੱਤਵਪੂਰਨ ਦੱਸ ਰਹੇ ਹਨ, ਉੱਥੇ ਹੀ Human rights organizations ਪ੍ਰਧਾਨ ਮੰਤਰੀ ਕਾਰਨੀ 'ਤੇ ਸਿਆਸੀ ਕੈਦੀਆਂ ਅਤੇ ਨਾਗਰਿਕ ਆਜ਼ਾਦੀ ਦਾ ਮੁੱਦਾ ਸਿੱਧੇ ਤੌਰ 'ਤੇ ਚੁੱਕਣ ਲਈ ਦਬਾਅ ਬਣਾ ਰਹੇ ਹਨ। ਗੌਰਤਲਬ ਹੈ ਕਿ ਕਾਰਨੀ 8 ਤੋਂ 10 ਜੁਲਾਈ ਦਰਮਿਆਨ ਸਾਊਦੀ ਅਰਬ ਦੀ bilateral visit 'ਤੇ ਜਾਣਗੇ।




