Aug 24, 2026 5:28 PM - Connect Newsroom - Ramandeep Kaur with files from The Canadian Press

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ, ਡੈਲਟਾ ਸਾਊਥ ਤੋਂ ਵਿਧਾਇਕ ਇਆਨ ਪੈਟਨ ਨੇ ਪਾਰਟੀ ਕਾਕਸ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਉਹ ਕੈਰੀ-ਲਿੰਨ ਫਿੰਡਲੇ ਦੇ ਨਵੇਂ ਲੀਡਰ ਬਣਨ ਤੋਂ ਬਾਅਦ ਪਾਰਟੀ ਛੱਡਣ ਵਾਲੇ ਦੂਜੇ ਵੱਡੇ ਆਗੂ ਬਣ ਗਏ ਹਨ। ਪੈਟਨ, ਜੋ ਕਿ ਬੀ. ਸੀ. ਕੰਜ਼ਰਵੇਟਿਵ ਵਿਚ ਖੇਤੀਬਾੜੀ ਮਾਮਲਿਆਂ ਦੇ ਕ੍ਰਿਟਿਕ ਵਜੋਂ ਸੇਵਾ ਨਿਭਾ ਰਹੇ ਸਨ, ਨੇ ਸੋਮਵਾਰ ਸਵੇਰੇ ਵਿਧਾਨ ਸਭਾ ਦੇ ਸਾਹਮਣੇ ਐਲਾਨ ਕੀਤਾ ਕਿ ਉਹ ਹੁਣ ਇੱਕ ਆਜ਼ਾਦ ਮੈਂਬਰ ਵਜੋਂ ਸਦਨ ਵਿਚ ਬੈਠਣਗੇ।
ਇਆਨ ਪੈਟਨ ਤੋਂ ਪਹਿਲਾਂ ਬੀਤੀ 14 ਅਗਸਤ ਨੂੰ ਕੈਮਲੂਪਸ ਸੈਂਟਰ ਦੇ ਵਿਧਾਇਕ ਪੀਟਰ ਮਿਲੋਬਾਰ ਨੇ ਨਵੀਂ ਲੀਡਰਸ਼ਿਪ ਦੇ ਕੰਮ ਕਰਨ ਦੇ ਤਰੀਕਿਆਂ ਨਾਲ ਅਸਹਿਮਤੀ ਜਤਾਉਂਦੇ ਹੋਏ ਕੰਜ਼ਰਵੇਟਿਵ ਕਾਕਸ ਨੂੰ ਅਲਵਿਦਾ ਕਹਿ ਦਿੱਤਾ ਸੀ।
ਖ਼ਾਸ ਗੱਲ ਇਹ ਹੈ ਕਿ ਪੈਟਨ ਅਤੇ ਮਿਲੋਬਾਰ ਨੇ ਹੁਣ ਆਪਸੀ ਗੱਠਜੋੜ ਕਰਕੇ ਇੱਕ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਇਰਾਦਾ ਜ਼ਾਹਰ ਕੀਤਾ ਹੈ। ਪਾਰਟੀ ਅੰਦਰ ਚੱਲ ਰਹੀ ਇਸ ਉਥਲ-ਪੁਥਲ ਅਤੇ ਅਸਤੀਫ਼ਿਆਂ ਦੇ ਸਿਲਸਿਲੇ ਨੇ ਹਾਲ ਹੀ ਦੇ ਚੋਣ ਸਰਵਿਆਂ ਵਿਚ ਬੀ. ਸੀ. ਐਨ.ਡੀ.ਪੀ. ਦੀ ਸਥਿਤੀ ਮਜ਼ਬੂਤ ਕੀਤੀ ਹੈ।




