Sep 9, 2026 7:14 PM - Connect Newsroom - Ramandeep Kaur

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
ਰਾਜਦੂਤ ਮੁਤਾਬਕ, ਇਹ ਨਵੀਂ ਵਪਾਰਕ ਅਤੇ ਰਣਨੀਤਕ ਯੋਜਨਾ ਬਿਲਕੁਲ ਉਸੇ ਸੁਰੱਖਿਆ ਅਤੇ ਆਰਥਿਕ ਗਠਜੋੜ ਦਾ ਹਿੱਸਾ ਹੈ ਜਿਸ ਦਾ ਜ਼ਿਕਰ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਕਾਰਨੀ ਨੇ ਕੀਤਾ ਸੀ ਅਤੇ ਇਹ ਸਾਂਝੇਦਾਰੀ ਸਵਿਟਜ਼ਰਲੈਂਡ, ਨੌਰਵੇ ਜਾਂ ਬ੍ਰਿਟੇਨ ਵਰਗੇ ਦੇਸ਼ਾਂ ਨਾਲ ਈ. ਯੂ. ਦੇ ਮੌਜੂਦਾ ਸਮਝੌਤਿਆਂ ਨਾਲੋਂ ਬਿਲਕੁਲ ਵੱਖਰੀ ਅਤੇ ਵਿਸ਼ੇਸ਼ ਹੋਵੇਗੀ।
ਹਾਲਾਂਕਿ, ਮੀਡੀਆ ਰਿਪੋਰਟਾਂ ਵਿਚ ਅਗਲੇ ਹਫ਼ਤੇ ਹੀ ਕਿਸੇ ਵੱਡੀ ਡੀਲ ਦੇ ਸਹੀਬੱਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ Tuts ਨੇ ਸਪੱਸ਼ਟ ਕੀਤਾ ਹੈ ਕਿ ਅਗਲੇ ਹਫ਼ਤੇ ਸਿਰਫ਼ ਇਸ ਸੰਭਾਵੀ ਸਾਂਝੇਦਾਰੀ ਦੇ ਖਾਕੇ 'ਤੇ ਚਰਚਾ ਹੋਵੇਗੀ, ਜਿਸ ਤੋਂ ਬਾਅਦ Brussels ਆਪਣੇ ਮੈਂਬਰ ਦੇਸ਼ਾਂ ਨਾਲ ਅਤੇ ਕੈਨੇਡਾ ਸਰਕਾਰ ਆਪਣੇ ਸੂਬਿਆਂ ਨਾਲ ਸਲਾਹ-ਮਸ਼ਵਰਾ ਕਰੇਗੀ, ਜਿਸ ਤੋਂ ਬਾਅਦ ਅਕਤੂਬਰ ਦੇ ਅਖੀਰ ਵਿਚ ਹੋਣ ਵਾਲੇ ਸਮਿਟ ਦੌਰਾਨ ਇਸ ਦਾ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਕਾਰਨੀ ਨੇ ਕਿਹਾ ਸੀ ਕਿ ਕੈਨੇਡਾ ਯੂਰਪੀਅਨ ਯੂਨੀਅਨ ਨਾਲ ਇੱਕ ਮਜ਼ਬੂਤ ਆਰਥਿਕ ਅਤੇ ਸੁਰੱਖਿਆ ਸਾਂਝੇਦਾਰੀ ਲਈ ਇਸੇ ਫਾਲ ਵਿਚ ਗੰਭੀਰ ਗੱਲਬਾਤ ਸ਼ੁਰੂ ਕਰਨ ਜਾ ਰਿਹਾ ਹੈ।




