Sep 13, 2024 5:34 PM - The Canadian Press

ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈ.ਬੀ. ’ਤੇ ਵਿਰੋਧੀ ਧਿਰ ਵਲੋਂ ਕਾਰਬਨ ਟੈਕਸ ਨੀਤੀ ’ਤੇ ਪਲਟੀ ਮਾਰਨ ਦੇ ਦੋਸ਼ ਲਗਾਏ ਗਏ ਹਨ। ਅਸਲ ਵਿਚ ਈ.ਬੀ. ਦਾ ਕਹਿਣਾ ਹੈ ਕਿ ਜੇਕਰ ਫੈਡਰਲ ਸਰਕਾਰ ਕਾਨੂੰਨ ਦੀ ਜ਼ਰੂਰਤ ਨੂੰ ਖਤਮ ਕਰ ਦਿੰਦੀ ਹੈ ਤਾਂ ਐੱਨ.ਡੀ.ਪੀ. ਸਰਕਾਰ ਬੀ.ਸੀ. ਦੇ ਲੰਬੇ ਸਮੇਂ ਤੋਂ ਚੱਲ ਰਹੇ ਕਾਰਬਨ ਟੈਕਸ ਨੂੰ ਖਤਮ ਕਰ ਦੇਵੇਗੀ ਅਤੇ ਇਸ ਦਾ ਬੋਝ ਵੱਡੇ ਪ੍ਰਦੂਸ਼ਕਾਂ ’ਤੇ ਪਾ ਦੇਵੇਗੀ।
ਕੱਲ ਇਕ ਪ੍ਰੈਸ ਕਾਨਫਰੈਂਸ ਨੂੰ ਸੰਬੋਧਿਤ ਕਰਦਿਆਂ ਈ.ਬੀ. ਨੇ ਕਿਹਾ ਕਿ ਵਸਨੀਕ ਸਮਰੱਥਾ ਨਾਲ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਇਹ ਯਕੀਨੀ ਬਣਾਏਗੀ ਕਿ ਵੱਡੇ ਪ੍ਰਦੂਸ਼ਕ ਜਲਵਾਯੂ ਤਬਦੀਲੀ ’ਤੇ ਕਾਰਵਾਈ ਕਰਨ ਲਈ ਕਾਰਬਨ ਦੀ ਕੀਮਤ ਅਦਾ ਕਰਨ। ਦੂਜੇ ਪਾਸੇ ਬੀ.ਸੀ. ਕੰਜ਼ਰਵੇਟਿਵ ਲੀਡਰ ਜੌਨ ਰੁਸਟੈਡ ਨੇ ਈ.ਬੀ. ਦੇ ਇਸ ਕਦਮ ਨੂੰ ਫਲਿਪ-ਫਲਾਪ ਦੱਸਦਿਆਂ ਕਿਹਾ ਕਿ ਈ.ਬੀ. ਦਾ ਟੈਕਸ ਵਾਪਸ ਲੈਣਾ ਉਸ ਦੇ ਡੁੱਬ ਰਹੇ ਰਾਜਨੀਤਿਕ ਜਹਾਜ਼ ਨੂੰ ਬਚਾਉਣ ਦੀ ਇੱਕ ਨਿਰਾਸ਼ਾਜਨਕ ਕੋਸ਼ਿਸ਼ ਹੈ।
ਜ਼ਿਕਰਯੋਗ ਹੈ ਕਿ ਬੀ.ਸੀ. ਦਾ ਸੂਬਾਈ ਕਾਰਬਨ ਟੈਕਸ 2008 ਤੋਂ ਲਾਗੂ ਹੈ ਜਦੋਂ ਇਹ ਕਾਰਬਨ ਨਿਕਾਸ ’ਤੇ ਕੀਮਤ ਲਗਾਉਣ ਵਾਲਾ ਨਾਰਥ ਅਮਰੀਕਾ ਦਾ ਪਹਿਲਾ ਅਧਿਕਾਰ ਖੇਤਰ ਬਣਿਆ ਸੀ। ਓਧਰ ਬੀ.ਸੀ. ਗ੍ਰੀਨ ਪਾਰਟੀ ਦੀ ਨੇਤਾ ਸੋਨੀਆ ਫੁਰਸਟੇਨੌ ਨੇ ਵੀ ਈ.ਬੀ. ਦੇ ਇਸ ਬਿਆਨ ਨੂੰ ਕੱਲ੍ਹ ਪਲਟੀ ਮਾਰਨ ਵਾਲਾ ਦੱਸਿਆ।




